ਆਤਿਸ਼ ਗੁਪਤਾ
ਚੰਡੀਗੜ੍ਹ, 21 ਦਸੰਬਰ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸਬੰਧੀ ਨੂੰ ਪੰਜਾਬ ਹਵਾਲੇ ਕਰਨ ਦੀ ਉੱਠ ਰਹੀਆਂ ਅਫ਼ਵਾਹਾਂ ਨੂੰ ਭਾਜਪਾ ਨੇ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਸਿਰਫ਼ ਚੰਡੀਗੜ੍ਹੀਆਂ ਦਾ ਹੈ ਨਾ ਕਿ ਹਰਿਆਣਾ ਅਤੇ ਪੰਜਾਬ ਦਾ। ਇਸ ਨੂੰ ਪੰਜਾਬ ਨੂੰ ਨਹੀਂ ਸੌਂਪਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਪਹਿਲਾਂ ਪ੍ਰਚਾਰ ਰਿਪੋਰਟ ਜਾਰੀ ਕਰਦਿਆਂ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੀਆਂ ਯੋਜਨਾਵਾਂ ਕਾਂਗਰਸ ਦੇ ਕਾਰਜਕਾਲ ਦੌਰਾਨ ਬਣਦੀਆਂ ਰਹੀਆਂ ਹਨ। ਭਾਜਪਾ ਨੇ ਚੰਡੀਗੜ੍ਹ ਵਿੱਚ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਕੇ ਵੱਖਰੀ ਪਛਾਣ ਦਿਵਾਉਂਦੇ ਹੋਏ ਚੰਡੀਗੜ੍ਹ ਦੇ ਗੌਰਵ ਵਿੱਚ ਵਾਧਾ ਹੋਇਆ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਨੇ ਵਿਕਾਸ ਦਾ ਮੁੱਦਾ ਬਣਾ ਕੇ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ 14 ਸਾਲ ਤੱਕ ਮੇਅਰ, 15 ਸਾਲ ਤੱਕ ਸੰਸਦ ਮੈਂਬਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਕੇਂਦਰ ਵਿੱਚ ਮੰਤਰੀ ਰਹੇ ਹਨ। ਇਸ ਦੇ ਬਾਵਜੂਦ ਪੂਰੇ ਚੋਣ ਪ੍ਰਚਾਰ ਦੌਰਾਨ ਭਾਜਪਾ ਵੱਲੋਂ ਵਾਰ-ਵਾਰ ਚੁਣੌਤੀ ਦੇਣ ’ਤੇ ਵੀ ਕੋਈ ਪੰਜ ਕੰਮ ਨਹੀਂ ਗਿਣਵਾ ਸਕੇ, ਜਿਸ ਨਾਲ ਚੰਡੀਗੜ੍ਹ ਵਾਸੀਆਂ ਦਾ ਭਲਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਡੰਪਿੰਗ ਗਰਾਉੂਂਡ ਲਈ ਵਰਤੀ ਤਸਵੀਰ ਵੀ ਚੰਡੀਗੜ੍ਹ ਦੀ ਨਹੀਂ ਬਲਕਿ ਦਿੱਲੀ ਦੇ ਡੰਪਿੰਗ ਗਰਾਉੂਂਡ ਦੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ‘ਆਪ’ ਦਿੱਲੀ ਮਾਡਲ ਦੀਆਂ ਗੱਲਾਂ ਕਰਦੀ ਹੈ ਜਦੋਂ ਕਿ ਦਿੱਲੀ ਚੰਡੀਗੜ੍ਹ ਤੋਂ ਬਹੁਤ ਪਿੱਛੇ ਹੈ। ਇਸ ਲਈ ਚੰਡੀਗੜ੍ਹ ਨੂੰ ਦਿੱਲੀ ਮਾਡਲ ਦੀ ਨਹੀਂ ਬਲਕਿ ਦਿੱਲੀ ਨੂੰ ਚੰਡੀਗੜ੍ਹ ਮਾਡਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਿਗਮ ਚੋਣਾਂ ਲਈ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਲਈ ਲੋਕਾਂ ਨਾਲ ਸਲਾਹ ਕੀਤੀ ਹੈ। ਇਸ ਦੌਰਾਨ ਸ਼ਹਿਰ ਦੇ 73 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਤੋਂ ਬਾਅਦ 25 ਮੁੱਦਿਆਂ ’ਤੇ ਆਧਾਰਿਤ ਰੋਡ ਮੈਪ ਜਾਰੀ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।