ਸਰਬਜੀਤ ਸਿੰਘ ਭੱਟੀ
ਲਾਲੜੂ, 5 ਨਵੰਬਰ
ਨਗਰ ਕੌਂਸਲ ਲਾਲੜੂ ਵੱਲੋਂ ਕੀਤੀ ਗਈ ਨਵੀਂ ਵਾਰਡਬੰਦੀ ਸਬੰਧੀ ਇਤਰਾਜ਼ ਨੂੰ ਲੈ ਕੇ ਸਥਾਨਕ ਭਾਜਪਾ ਆਗੂਆਂ ਦਾ ਵਫਦ ਕੌਂਸਲ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਆਪਣੇ ਇਤਰਾਜ਼ ਪੱਤਰ ਰਾਹੀਂ ਦਰਜ ਕਰਵਾਏ ਗਏ। ਇਸ ਮੌਕੇ ਜਿਲ੍ਹਾ ਭਾਜਪਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜੀਵ ਸ਼ਰਮਾ, ਸੂਬਾ ਕਾਰਜਕਾਰਨੀ ਮੈਂਬਰ ਸੋਮ ਚੰਦ ਗੋਇਲ, ਐਡਵੋਕੇਟ ਰਾਜੇਸ਼ ਰਾਣਾ, ਗੁਰਮੀਤ ਸਿੰਘ ਟਿਵਾਣਾ, ਪ੍ਰਿਤਪਾਲ ਸਿੰਘ, ਅਮਰੀਕ ਸਿੰਘ ਨੇ ਦੱਸਿਆ ਕਿ ਮੌਜੂਦਾ ਵਾਰਡਬੰਦੀ, ਐਕਟ ਅਤੇ ਰੂਲਜ਼ ਨੂੰ ਓਹਲੇ ਕਰਕੇ ਰਾਜਨੀਤੀ ਉਦੇਸ਼ਾਂ ਦੀ ਪੂਰਤੀ ਲਈ ਕੀਤੀ ਗਈ ਹੈ, ਜੋ ਕਾਨੂੰਨੀ ਰੂਪ ਵਿੱਚ ਠੀਕ ਨਹੀਂ। ਇਸ ਲਈ ਇਸ ਨੂੰ ਖਾਰਜ ਕਰਕੇ ਮੁੜ ਵਾਰਡਬੰਦੀ ਜਾਂ ਪੁਰਾਣੀ ਵਾਰਡਬੰਦੀ ਨੂੰ ਹੀ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦ ਨਗਰ ਕੌਂਸਲ ਦੀ ਹਦੂਦ ਅੰਦਰ ਕੋਈ ਵਾਧਾ ਨਹੀਂ ਹੋਇਆ ਤਾਂ ਨਵੀਂ ਵਾਰਡਬੰਦੀ ਕੀਤੇ ਜਾਣਾ ਠੀਕ ਨਹੀਂ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਨਵੀਂ ਵਾਰਡਬੰਦੀ ਵਿੱਚ ਮੁੱਖ ਮਾਰਗ ਅਤੇ ਰੇਲਵੇ ਲਾਈਨ ਦਾ ਵੀ ਧਿਆਨ ਨਹੀਂ ਰੱਖਿਆ ਗਿਆ, ਸਗੋਂ ਸਥਾਨਕ ਕਾਂਗਰਸੀ ਆਗੂਆਂ ਦੀ ਸਹੂਲਤ ਨੂੰ ਵੇਖਦੇ ਹੋਏ ਵਾਰਡਬੰਦੀ ਕੀਤੀ ਗਈ ਹੈ। ਇਸ ਵਿੱਚ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ, ਜਿਸ ਦਾ ਭਾਜਪਾ ਵੱਲੋਂ ਸ਼ਖਤ ਵਿਰੋਧ ਕੀਤਾ ਜਾਂਦਾ ਹੈ।