ਆਤਿਸ਼ ਗੁਪਤਾ
ਚੰਡੀਗੜ੍ਹ, 27 ਮਾਰਚ
ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਇਕ-ਦੂਜੇ ਦੀਆਂ ਖਾਮੀਆਂ ਨੂੰ ਉਭਾਰ ਰਹੇ ਹਨ। ਇਕ ਮਹੀਨੇ ਤੋਂ ਕਾਂਗਰਸੀ ਆਗੂ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰ ਰਹੇ ਸਨ। ਹੁਣ ਮੋਰਚਾ ਭਾਜਪਾ ਆਗੂਆਂ ਨੇ ਸੰਭਾਲ ਲਿਆ ਹੈ। ਅੱਜ ਭਾਜਪਾ ਆਗੂਆਂ ਨੇ ਵਾਰਡ ਨੰਬਰ 11 ਦੇ ਕਾਂਗਰਸੀ ਕੌਂਸਲਰ ਸਤੀਸ਼ ਕੈਂਥ ਦੀ ਗੁੰਮਸ਼ੁਦਗੀ ਸਬੰਧੀ ਪੁਲੀਸ ਪੋਸਟ ਸੈਕਟਰ-56 ਵਿੱਚ ਸ਼ਿਕਾਇਤ ਦਿੱਤੀ। ਇਸ ਮੌਕੇ ਭਾਜਪਾ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਸਤੀਸ਼ ਕੈਂਥ ਪਿਛਲੇ ਸਾਢੇ ਚਾਰ ਸਾਲਾਂ ਤੋਂ ਗਾਇਬ ਚਲੇ ਆ ਰਹੇ ਹਨ। ਉਨ੍ਹਾਂ ਦੇ ਵਾਰਡ ਅਧੀਨ ਪੈਂਦਾ ਸੈਕਟਰ-56 ਅਤੇ ਪਲਸੋਰਾ ਵਾਸੀ ਵਾਰਡ ਦੇ ਵਿਕਾਸ ਕਾਰਜਾਂ ਨੂੰ ਤਸਰ ਰਹੇ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ।
ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਸੈਕਟਰ-11 ਵਿੱਚ ਲੋਕ ਸੀਵਰੇਜ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸੜਕਾਂ ਦਾ ਹਾਲਤ ਖਸਤਾ ਹੋਈ ਪਈ ਹੈ। ਪੀਣ ਵਾਲਾ ਪਾਣੀ ਵੀ ਸਮੇਂ ਸਿਰ ਨਹੀਂ ਆਉਂਦਾ ਹੈ। ਵਾਰਡ ਦੇ ਪਾਰਕਾਂ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ ਅਤੇ ਗਲੀਆਂ ਵਿੱਚ ਲਾਈਟਾਂ ਦਾ ਪੁਖਤਾ ਪ੍ਰਬੰਧ ਨਹੀਂ ਹੈ। ਇਨ੍ਹਾਂ ਸਮੱਸਿਆਵਾਂ ਸਬੰਧੀ ਇਲਾਕਾ ਵਾਸੀ ਕਈ ਵਾਰ ਇਲਾਕਾ ਕੌਂਸਲਰ ਨੂੰ ਮਿਲਣ ਗਏ ਪਰ ਉਹ ਕਦੇ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਦੇ ਹੋਰਨਾਂ ਕੌਂਸਲਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੀ ਹੈ ਜਦਕਿ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੇ ਕਦੇ ਸ਼ਹਿਰ ਵਾਸੀਆਂ ਦੀ ਸਾਰ ਨਹੀਂ ਲਈ ਹੈ।
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਕਿਹਾ ਭਾਜਪਾ ਨੇ ਵਾਰਡ ਨੰਬਰ 11 ਦੇ ਕੌਂਸਲਰ ਸਤੀਸ਼ ਕੈਂਥ ਵਿਰੁੱਧ ਜੋ ਦੋਸ਼ ਲਗਾਏ ਹਨ ਉਹ ਭਾਜਪਾ ਦੀ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਤੀਸ਼ ਕੈਂਥ ਦੇ ਪਿਤਾ ਜੀ ਦਾ ਬਿਮਾਰੀ ਕਰਕੇ ਦੇਹਾਂਤ ਹੋ ਗਿਆ ਹੈ ਅਤੇ ਉਹ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੀਤੀ ਰਿਵਾਜ ਵਿੱਚ ਲੱਗੇ ਹੋਏ ਹਨ।