ਮੁਕੇਸ਼ ਕੁਮਾਰ
ਚੰਡੀਗੜ੍ਹ, 16 ਦਸੰਬਰ
ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਆਪਣਾ ਅੱਜ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਚੰਡੀਗੜ੍ਹ ਨੂੰ ਦੇਸ਼ ਦਾ ਪਹਿਲਾ ਸਲਮ ਫ੍ਰੀ ਸਿਟੀ ਬਣਾਉਣ ਦਾ ਐਲਾਨ ਕੀਤਾ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ, ਮੁਲਾਜ਼ਮਾਂ ਸਮੇਤ ਹਰ ਵਰਗ ਲਈ ਵਿਸ਼ੇਸ਼ ਐਲਾਨ ਕਰਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਕੇਂਦਰੀ ਉਦਯੋਗ ਤੇ ਵਣਜ ਮੰਤਰੀ ਪਿਊਸ਼ ਗੋਇਲ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ, ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸੰਜੈ ਟੰਡਨ, ਭਾਰਤ ਦੇ ਐਡੀਸ਼ਨਲ ਸਾਲੀਸਟਰ ਜਨਰਲ ਤੇ ਸਾਬਕਾ ਸੰਸਦ ਸੱਤਪਾਲ ਜੈਨ ਅਤੇ ਮਹਾਂਮੰਤਰੀ ਚੰਦਰਸ਼ੇਖਰ ਦੇ ਨਾਲ ਅੱਜ ਇਥੇ ਪਾਰਟੀ ਦਫ਼ਤਰ ਵਿਚ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ।
ਪਿਊਸ਼ ਗੋਇਲ ਨੇ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਕਰਮਚਾਰੀਆਂ ਦੇ ਹਿੱਤ ਵਿੱਚ ਕਈ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ। ਇਸ ਵਾਰ ਵੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੱਚੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇਗਾ। ਵਿਧਵਾ ਪੈਸ਼ਨ, ਬੁਢਾਪਾ ਪੈਸ਼ਨ, ਅਪੰਗ ਪੈਸ਼ਨ ਨੂੰ ਇਕ ਹਜ਼ਾਰ ਰੁਪਏ ਤੋਂ ਵਧਾ ਕੇ ਦੋ ਹਜ਼ਾਰ ਰੁਪਏ ਅਤੇ 70 ਫੀਸਦੀ ਤੋਂ ਵੱਧ ਅਪਾਹਜਾਂ ਦੀ ਪੈਸ਼ਨ ਢਾਈ ਹਜ਼ਾਰ ਕੀਤੀ ਜਾਵੇਗੀ। ਚੰਡੀਗੜ੍ਹ ਵਾਸੀਆਂ ਨੂੰ ਨੌਕਰੀਆਂ ਵਿੱਚ ਪਹਿਲ ਦਿੱਤੇ ਜਾਣ ਦਾ ਐਲਾਨ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਇੱਥੇ ਓਬੀਸੀ ਰਾਖਵਾਂਕਰਨ ਨੂੰ ਲਾਗੂ ਕੀਤਾ ਜਾਵੇਗਾ। ਹਰਿਆਣਾ ਦੀ ਤਰਜ਼ ’ਤੇ ਪਿੰਡਾਂ ਵਿਚ ਲਾਲ ਡੋਰਾ ਸੀਮਾ ਨੂੰ ਖਤਮ ਕਰਦਿਆਂ ਸਾਰੇ ਨਿਰਮਾਣਾਂ ਨੂੰ ਨਿਯਮਿਤ ਕਰਨ ਦੀ ਗੱਲ ਕਰਦਿਆਂ ਘੋਸ਼ਣਾ ਪੱਤਰ ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ, ਅਸਟੇਟ ਦਫ਼ਤਰ ਤਹਿਤ ਆਉਣ ਵਾਲੇ ਸਾਰੇ ਘਰਾਂ, ਕਮਰਸ਼ੀਅਲ ਅਤੇ ਉਦਯੋਗਿਕ ਇਮਾਰਤਾਂ ਵਿੱਚ ਜ਼ਰੂਰਤ ਅਨੁਸਾਰ ਪੁਰਾਣੇ ਅਤੇ ਨਵੇਂ ਬਦਲਾਵਾਂ ਨੂੰ ਨਿਯਮਿਤ ਕੀਤਾ ਜਾਵੇਗਾ। ਸ਼ਹਿਰ ਦੀਆਂ ਸਾਰੀਆਂ ਕਮਰਸ਼ੀਅਲ, ਉਦਯੋਗਿਕ ਅਤੇ ਹਾਊਸਿੰਗ ਸੁਸਾਇਟੀਆਂ ਨੂੰ ਰਵਾਇਤੀ ਦਰਾਂ ’ਤੇ ਲੀਜ਼ ਹੋਲਡ ਤੋਂ ਫਰੀ ਹੋਲਡ ਕਰਨ ਦੀ ਨੀਤੀ ਲਗਾਈ ਜਾਵੇਗੀ। ਪਿੰਡਾਂ ਦੇ ਸਬੰਧ ਵਿਚ ਵੱਡਾ ਐਲਾਨ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਨਿਗਮ ਵਿੱਚ ਸ਼ਾਮਲ ਹੋਏ ਪਿੰਡਾਂ ਵਿੱਚ ਬਿਨਾਂ ਕਿਸੇ ਕਾਰਨ ਦੇ ਟੈਕਸ ਦਾ ਬੋਝ ਨਹੀਂ ਪਾਇਆ ਜਾਵੇਗਾ। ਭਾਜਪਾ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਈਡਬਲਿਊਐੱਸ ਕਲੋਨੀਆਂ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦਾ ਵੀ ਐਲਾਨ ਕੀਤਾ ਹੈ।
ਭਾਜਪਾ ਦੇ ਸੂਬਾਈ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਇਸ ਵਾਰ ਦਾ ਘੋਸ਼ਣਾ ਪੱਤਰ ਭਾਜਪਾ ਨੇ ਨਹੀਂ ਬਲਕਿ ਚੰਡੀਗੜ੍ਹ ਵਾਸੀਆਂ ਨੇ ਤਿਆਰ ਕੀਤਾ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪਾਰਟੀ ਨੇ ‘ਮੇਰਾ ਚੰਡੀਗੜ੍ਹ-ਮੇਰਾ ਸੁਝਾਅ’ ਦੇ ਨਾਮ ਤਹਿਤ ਇਕ ਮੁਹਿੰਮ ਚਲਾ ਕੇ ਸ਼ਹਿਰ ਵਾਸੀਆਂ ਤੋਂ ਸੁਝਾਅ ਮੰਗੇ ਸਨ।