ਮੁਕੇਸ਼ ਕੁਮਾਰ
ਚੰਡੀਗੜ੍ਹ, 7 ਜਨਵਰੀ
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਵਿੱਚ ਸਾਬਕਾ ਪ੍ਰਧਾਨ ਅਤੇ ਹਿਮਾਚਲ ਭਾਜਪਾ ਦੇ ਸਹਿ-ਇੰਚਾਰਜ ਸੰਜੇ ਟੰਡਨ, ਸਾਬਕਾ ਸੰਸਦ ਮੈਂਬਰ ਅਤੇ ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਅਤੇ ਮੀਤ ਪ੍ਰਧਾਨ ਰਘੁਬੀਰ ਅਰੋੜਾ ਨੇ ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਥਿਤ ਕੁਤਾਹੀ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਖਰੜ (ਸ਼ਸ਼ੀਪਾਲ ਜੈਨ): ਭਾਰਤੀ ਜਨਤਾ ਪਾਰਟੀ ਖਰੜ ਦੇ ਮੰਡਲ ਪ੍ਰਧਾਨਾਂ ਦੀ ਅਗਵਾਈ ਹੇਠ ਅੱਜ ਖਰੜ ਦੇ ਐਸਡੀਐੱਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਵਰਤੀ ਗਈ ਕੁਤਾਹੀ ਦੇ ਸਬੰਧ ਵਿਚ ਪੰਜਾਬ ਦੇ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਡਿਸਮਿਸ ਕੀਤਾ ਜਾਵੇ। ਇਸ ਮੌਕੇ ਰਾਣਾ ਭਾਨੂੰ ਪ੍ਰਤਾਪ ਪ੍ਰਦੇਸ਼ ਪ੍ਰਧਾਨ ਯੂਵਾ ਮੋਰਚਾ, ਸੁਖਵਿੰਦਰ ਸਿੰਘ ਗੋਲਡੀ ਸੂਬਾ ਕਾਰਜਕਾਰਨੀ ਮੈਂਬਰ, ਖੁਸ਼ਵੰਤ ਰਾਏ ਗੀਗਾ ਸੂਬਾ ਸਹਿ ਇੰਚਾਰਜ, ਨਰਿੰਦਰ ਸਿੰਘ ਰਾਣਾ ਸੂਬਾ ਕਾਰਜਕਾਰਨੀ ਮੈਂਬਰ, ਜਿਲ੍ਹਾ ਜਨਰਲ ਸਕੱਤਰ ਭਾਜਪਾ ਮੁਹਾਲੀ ਜਗਦੀਪ ਔਜਲਾ, ਮੰਡਲ ਪ੍ਰਧਾਨ ਖਰੜ ਪਵਨ ਕੁਮਾਰ ਮਨੌਚਾ ਆਦਿ ਮੌਜੂਦ ਸਨ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਬਹਾਨੇ ਆਪਣੀ ਸਾਖ ਬਚਾਉਣਾ ਚਾਹੁੰਦੀ ਹੈ ਭਾਜਪਾ: ਕਾਂਗਰਸ
ਰੂਪਨਗਰ (ਜਗਮੋਹਨ ਸਿੰਘ): ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਅਧੀਨ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਸਬੰਧੀ ਭਾਜਪਾ ਆਗੂ ਝੂਠਾ ਪ੍ਰਚਾਰ ਕਰਕੇ ਲੋਕਾਂ ਵਿੱਚ ਆਪਣੀ ਖਰਾਬ ਹੋ ਚੁੱਕੀ ਸਾਖ ਨੂੰ ਹੋਰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਰਾਜੀਵ ਭਨੋਟ ਤੇ ਅਸ਼ੋਕ ਵਾਹੀ ਆਦਿ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ ਨਹੀਂ ਹੋ ਸਕਦਾ।