ਮੁਕੇਸ਼ ਕੁਮਾਰ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦੇ ਨੌਂ ਕੌਂਸਲਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਮੁੱਦੇ ਉੱਤੇ ਭਾਜਪਾ ਕਸੂਤੀ ਫਸ ਗਈ ਹੈ। ਭਾਜਪਾ ’ਤੇ ਨਾਮਜ਼ਦ ਕੌਂਸਲਰਾਂ ਦੀ ਨਿਯੁਕਮੀ ਸਮੇਂ ਨਿਯਮਾਂ ਦੀ ਅਣਦੇਖੀ ਕਰ ਕੇ ਆਪਣੀ ਹੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਨਾਮਜ਼ਦ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਨਿਗਮ ਦੀ ਭਲਕੇ ਹੋਣ ਜਾ ਰਹੀ ਹਾਊਸ ਮੀਟਿੰਗ ਵਿੱਚ ਨਵੇਂ ਨਾਮਜ਼ਦ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਭਾਜਪਾ ਦੀ ਧੱਕੇਸ਼ਾਹੀ ਤੋਂ ਨਾਰਾਜ਼ ‘ਆਪ’ ਅਤੇ ਕਾਂਗਰਸ ਆਗੂਆਂ ਨੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਦੋਸ਼ ਲਗਾਇਆ ਕਿ ਭਾਜਪਾ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਨਾਮਜ਼ਦ ਕੌਂਸਲਰਾਂ ਲਈ ਨਿਗਮ ਦੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਆਪਣੀ ਹੀ ਪਾਰਟੀ ਨਾਲ ਸਬੰਧਿਤ ਲੋਕਾਂ ਨੂੰ ਨਾਮਜ਼ਦ ਕੀਤਾ ਹੈ।
ਦੋਵਾਂ ਪਾਰਟੀਆਂ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਨਾਮਜ਼ਦ ਕੌਂਸਲਰਾਂ ਦਾ ਮਕਸਦ ਵੱਖ-ਵੱਖ ਖੇਤਰਾਂ ਦੇ ਮਾਹਿਰ ਵਿਅਕਤੀਆਂ ਦੀ ਚੋਣ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਮੁਹਾਰਤ ਦਾ ਲਾਹਾ ਖੱਟਿਆ ਜਾ ਸਕੇ ਪਰ ਭਾਜਪਾ ਨੇ ਆਪਣੀ ਹੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਨਿਗਮ ਦੇ ਨਾਮਜ਼ਦ ਕੌਂਸਲਰਾਂ ਬਣਾ ਕੇ ਲੋਕਤੰਤਰ ਦਾ ਘਾਣ ਕੀਤਾ ਹੈ। ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਅਤੇ ਪ੍ਰਧਾਨ ਪ੍ਰੇਮ ਗਰਗ ਨੇ ਪ੍ਰਸ਼ਾਸਕ ਵੱਲੋਂ ਭਾਜਪਾ ਵਰਕਰਾਂ ਨੂੰ ਨਗਰ ਕੌਂਸਲਰ ਵਜੋਂ ਨਾਮਜ਼ਦ ਕੀਤੇ ਜਾਣ ਨੂੰ ਮੰਦਭਾਗਾ ਤੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੌਂਸਲਰਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਦੇ ਕੌਂਸਲਰ ਨਾਮਜ਼ਦ ਕੌਂਸਲਰਾਂ ਦੀ ਗਲਤ ਚੋਣ ਦੇ ਵਿਰੋਧ ਵਿੱਚ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਕੌਂਸਲਰਾਂ ਦੀ ਹੋਈ ਮੀਟਿੰਗ ਦੌਰਾਨ ਸਮੂਹ ਕੌਂਸਲਰਾਂ ਨੇ ਭਲਕੇ ਹੋਣ ਵਾਲੀ ਨਗਰ ਨਿਗਮ ਦੀ ਮੀਟਿੰਗ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ। ਦੋਵਾਂ ਪਾਰਟੀਆਂ ਦੇ ਕੌਂਸਲਰਾਂ ਨੇ ਪ੍ਰਸ਼ਾਸਕ ’ਤੇ ਦੋਸ਼ ਲਾਇਆ ਕਿ ਨਾਮਜ਼ਦ ਕੌਂਸਲਰਾਂ ਦੀ ਨਾਮਜ਼ਦਗੀ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਨਹੀਂ ਕੀਤੀ ਗਈ ਸਗੋਂ ਭਾਜਪਾ ਦੇ ਲੋਕ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਕ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਨਾਮਜ਼ਦ ਕੌਂਸਲਰਾਂ ਵਿੱਚ ਪ੍ਰਦੇਸ਼ ਭਾਜਪਾ ਦੇ ਮਹਿਲਾ ਸੈਲ ਵਿੱਚ ਅਹੁਦੇਦਾਰ ਗੀਤਾ ਚੌਹਾਨ, ਭਾਜਪਾ ਦੇ ਸਹਿ ਖਜ਼ਾਨਚੀ ਅਮਿਤ ਜਿੰਦਲ, ਜ਼ਿਲ੍ਹਾ ਪ੍ਰਧਾਨ ਨਰੇਸ਼ ਪੰਚਾਲ, ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਸਿੱਧੂ, ਮਾਈਨੋਰਟੀ ਸੈੱਲ ਵਿੱਚ ਅਹੁਦੇਦਾਰ ਅਨਿਲ ਮਸੀਹ, ਮੈਡੀਕਲ ਸੈੱਲ ਦੇ ਕੋ-ਕਨਵੀਨਰ ਡਾ. ਰਮਣੀਕ ਸਿੰਘ ਬੇਦੀ, ਭਾਜਪਾ ਦੇ ਕਿਸਾਨ ਸੈੱਲ ਵਿੱਚ ਅਹੁਦੇਦਾਰ ਧਰਮਿੰਦਰ ਸੈਣੀ, ਭਾਜਪਾ ਦਫ਼ਤਰ ਵਿੱਚ ਲਾਇਬ੍ਰੇਰੀਅਨ ਮੋਹਿੰਦਰ ਕੌਰ ਅਤੇ ਕਰਾਫਡ ਦੇ ਸੀਨੀਅਰ ਮੀਤ ਪ੍ਰਧਾਨ ਉਮੇਸ਼ ਘਈ ਦੇ ਨਾਮ ਸ਼ਾਮਲ ਹਨ ਜੋ ਭਾਜਪਾ ਦੇ ਵੱਖ-ਵੱਖ ਅਹੁਦਿਆਂ ਉੱਤੇ ਕਾਬਜ਼ ਹਨ।