ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਜਨਵਰੀ
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਅੱਜ ਸਾਦੇ ਢੰਗ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਦੀ ਪਤਨੀ ਪੂਜਾ ਵਸ਼ਿਸ਼ਟ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖ਼ਲ ਕੀਤੇ ਹਨ। ਸੰਜੀਵ ਵਸ਼ਿਸ਼ਟ ਨੇ 1997 ਵਿੱਚ ਬੰਗਲੌਰ ਤੋਂ ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਪੰਜਾਬ ਵਾਸੀ ਥਾਂ-ਥਾਂ ’ਤੇ ਕਾਂਗਰਸ ਦਾ ਬਾਈਕਾਟ ਕਰ ਰਹੇ ਹਨ ਤੇ ਸਰਕਾਰ ਨੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਕਾਂਗਰਸ ਹਾਈ ਕਮਾਂਡ ਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਈ ਕਥਿਤ ਦਾਗੀ ਮੰਤਰੀਆਂ ਨੂੰ ਪਹਿਲਾਂ ਪੰਜਾਬ ਕੈਬਨਿਟ ’ਚੋਂ ਆਊਟ ਕਰ ਦਿੱਤਾ ਅਤੇ ਬਾਅਦ ਵਿੱਚ ਦਾਗੀ ਮੰਤਰੀਆਂ ਨੂੰ ਦੁਬਾਰਾ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ। ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ। ਉਨ੍ਹਾਂ ਨੇ ਦਿੱਲੀ ਮਾਡਲ ਦੀਆਂ ਗੱਲਾਂ ਕਰਨ ਵਾਲੇ ‘ਆਪ’ ਵਲੰਟੀਅਰਾਂ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਦਿੱਲੀ ਜਾ ਕੇ ਸਚਾਈ ਪਤਾ ਕਰਨ।
ਐੱਨ.ਕੇ. ਸ਼ਰਮਾ, ਕੁਲਜੀਤ ਰੰਧਾਵਾ ਤੇ ਸੰਜੀਵ ਖੰਨਾ ਵੱਲੋਂ ਨਾਮਜ਼ਦਗੀਆਂ
ਡੇਰਾਬੱਸੀ (ਹਰਜੀਤ ਸਿੰਘ):ਰਿਟਰਨਿੰਗ ਅਫਸਰ ਸਵਾਤੀ ਟਿਵਾਣਾ ਕੋਲ ਅੱਜ ਹਲਕੇ ਦੀਆਂ ਤਿੰਨ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਵਿੱਚ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਉਮੀਦਵਾਰ ਐੱਨ.ਕੇ. ਸ਼ਰਮਾ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਸੰਜੀਵ ਖੰਨਾ ਅਤੇ ਆਮ ਆਦਮੀ ਪਾਰਟੀ ਵੱਲੋਂ ਕੁਲਜੀਤ ਸਿੰਘ ਰੰਧਾਵਾ ਨੇ ਨਾਮਜ਼ਦਗੀਆਂ ਭਰੀਆਂ। ਇਨ੍ਹਾਂ ਉਮੀਦਵਾਰਾਂ ਨੇ ਆਪਣੇ ਚੋਣ ਦਫਤਰਾਂ ਵਿੱਚ ਵਰਕਰਾਂ ਦੇ ਇਕੱਠ ਵੀ ਕੀਤੇ। ਐੱਨ. ਕੇ. ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ, ਭਾਜਪਾ ਉਮੀਦਵਾਰ ਸੰਜੀਵ ਖੰਨਾ ਵੱਲੋਂ ਉਨ੍ਹਾਂ ਦੀ ਪਤਨੀ ਰੇਣੂ ਖੰਨਾ ਅਤੇ ‘ਆਪ’ ਉਮੀਦਵਾਰ ਕੁਲਜੀਤ ਰੰਧਾਵਾ ਵੱਲੋਂ ਉਨ੍ਹਾਂ ਦੇ ਛੋਟੇ ਭਰਾ ਨੇ ਕਵਰਿੰਗ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਕੀਤੇ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨਵਜੋਤ ਸੈਣੀ ਵੱਲੋਂ ਸੋਮਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ।