ਬਹਾਦਰਜੀਤ ਸਿੰਘ
ਰੂਪਨਗਰ, 21 ਜਨਵਰੀ
ਰੂਪਨਗਰ ਜੰਗਲੀ ਜੀਵ ਡਵੀਜ਼ਨ, ਜੰਗਲਾਤ ਅਤੇ ਜੰਗਲੀ ਜੀਵ ਰੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਏ ਜਾ ਰਹੇ ਪੰਜਾਬ ਬਰਡ ਫੈਸਟ ਦਾ ਆਗਾਜ਼ ਅੱਜ ਇਥੇ ਕਰ ਦਿੱਤਾ ਗਿਆ। ਇਸ ਮੌਕੇ ਪੰਛੀ ਪ੍ਰੇਮੀ ਅਤੇ ਕੁਦਰਤ ਪ੍ਰੇਮੀ ਬਰਡ ਵਾਚ ਸੈਂਟਰ, ਰੂਪਨਗਰ ਵਿਚ ਪੰਛੀਆਂ ਨੂੰ ਦੇਖਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ।
ਇਸ ਮੌਕੇ ਬਰਡ ਵਾਚ ਟੂਰ ਦੌਰਾਨ ਸਤਲੁਜ ਦਰਿਆ ਦੇ ਨਜ਼ਦੀਕ ਗਰੀਨ ਬੈਲਟ ਵਿਚ ਤਜਰਬੇਕਾਰ ਅਤੇ ਜੰਗਲੀ ਜੀਵਨ ਦੇ ਮਾਹਰ ਗਾਈਡਾਂ ਦੁਆਰਾ ਲੋਕਾਂ ਨੂੰ ਜੰਗਲੀ ਜੀਵਨ ਅਤੇ ਵਿਦੇਸ਼ੀ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੇਲੇ ਦੀ ਸਮਾਪਤੀ 6 ਤੇ 7 ਫਰਵਰੀ ਨੂੰ ਕੀਤੀ ਜਾਵੇਗੀ। ਇਸ ਬਰਡ ਫੈਸਟ ਵਿਚ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਅਤੇ ਉਨ੍ਹਾਂ ਵਿਚ ਕੁਦਰਤ ਅਤੇ ਜੰਗਲੀ ਜੀਵਨ ਬਾਰੇ ਰੁਚੀ ਪੈਦਾ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਸੈਰਾਂ ਕਰਵਾਈਆਂ ਜਾ ਰਹੀਆਂ ਹਨ।
ਇਹ ਸੈਰਾਂ 23, 24, 27, 28, 29 ਅਤੇ 30 ਜਨਵਰੀ ਨੂੰ ਵੱਖ-ਵੱਖ ਹਫਤੇ ਦੇ ਦਿਨਾਂ ਨੂੰ ਕਰਵਾਈਆਂ ਜਾਣਗੀਆਂ। ਇਨ੍ਹਾਂ ਟੂਰਾਂ ਦੀ ਪੂਰੀ ਜਾਣਕਾਰੀ ਪੂਰੇ ਸ਼ਹਿਰ ਵਿੱਚ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਬੁਲਾਉਣ ਅਤੇ ਸੈਰ, ਪੇਂਟਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਇਕ ਵਿਸ਼ੇਸ਼ ਹੈਲਪਲਾਈਨ ਨੰਬਰ ਸਾਂਝਾ ਕੀਤਾ ਗਿਆ ਹੈ।
ਵਣ ਮੰਡਲ ਅਫਸਰ (ਜੰਗਲੀ ਜੀਵ) ਡਾ. ਮੋਨਿਕਾ ਯਾਦਵ ਨੇ ਕਿਹਾ ਕਿ ਸਰਦੀਆਂ ਦੀ ਰੁੱਤ ਕੁਦਰਤ ਪ੍ਰੇਮੀਆਂ ਲਈ ਸਾਰੇ ਸ਼ਹਿਰ ਦੇ ਸੁੰਦਰ ਪੰਛੀਆਂ ਨੂੰ ਵੇਖਣ ਦਾ ਆਦਰਸ਼ਕ ਸਮਾਂ ਹੁੰਦਾ ਹੈ। ਇਸ ਰੁੱਤ ਵਿੱਚ ਪਰਵਾਸੀ ਪੰਛੀ ਰੂਪਨਗਰ ਖਿੱਤੇ ਵਿਚ ਪਰਵਾਸ ਲਈ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਰੂਪਨਗਰ ਦੇ ਸਤਲੁਜ ਦਰਿਆ ਵਿੱਚ ਸਰਦੀਆਂ ਦੀ ਰੁੱਤ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਸਾਇਬੇਰੀਅਨ ਕਰੇਨ ਤੋਂ ਇਲਾਵਾ ਬਤੱਖਾਂ ਦੀਆਂ ਕਈ ਕਿਸਮਾਂ ਸ਼ਾਮਲ ਹੁੰਦੀਆਂ ਹਨ।