ਪੀ.ਪੀ. ਵਰਮਾ
ਪੰਚਕੂਲਾ, 10 ਜਨਵਰੀ
ਪੰਚਕੂਲਾ ਦੇ ਪਿੰਡ ਖੇੜੀ, ਦੰਦਲਾਵੜ ਤੇ ਗਨੌਲੀ ਵਿੱਚ ਬਰਡ ਫਲੂ ਕਾਰਨ ਸਭ ਤੋਂ ਵੱਧ ਮੁਰਗੀਆਂ ਮਰੀਆਂ ਸਨ। ਇਸੇ ਦੌਰਾਨ ਪੋਲਟਰੀ ਫਾਰਮਾਂ ਵਿੱਚ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਮੁਰਗੀਆਂ ਨੂੰ ਦਵਾਈ ਪਿਲਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਤੋਂ ਇਲਾਵਾ ਪੋਲਟਰੀ ਫਾਰਮਾਂ ਦੇ ਕਰਿੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਪਿੰਡ ਖੇੜੀ, ਦੰਦਲਾਵੜ ਤੇ ਗਨੌਲੀ ਆਦਿ ਦੇ 10 ਕਿਲੋਮੀਟਰ ਜ਼ੋਨ ਨੂੰ ਕੰਨਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ ਅਤੇ ਮਾਰੀਆਂ ਹੋਈਆਂ ਮੁਰਗੀਆਂ ਨੂੰ ਟੋਏ ਵਿੱਚ ਦਬਾਇਆ ਜਾ ਰਿਹਾ ਹੈ ਤਾਂ ਕਿ ਲਾਗ ਤੋਂ ਬਚਿਆ ਜਾ ਸਕੇ।।
ਲੋਕਾਂ ਨੇ ਮਰੀਆਂ ਮੁਰਗੀਆਂ ਸੜਕ ’ਤੇ ਸੁੱਟੀਆਂ: ਪੰਚਕੂਲਾ ਤੇ ਰਾਏਪੁਰਰਾਣੀ ਇਲਾਕੇ ਦੇ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਕਾਰਨ ਰਾਤ ਨੂੰ ਲੋਕਾਂ ਨੇ ਮੱਟਾਂਵਾਲਾ-ਰਾਏਪੁਰਰਾਣੀ ਸੜਕ ਉੱਤੇ ਪਿੰਡ ਖੰਗੇਸਰਾ ਲਾਗੇ ਸੜਕ ਕੰਢੇ ਮਰੀਆਂ ਹੋਈਆਂ ਮੁਰਗੀਆਂ ਸੁੱਟ ਦਿੱਤੀਆਂ। ਸਵੇਰੇ ਕਿਸਾਨਾਂ ਨੇ ਦੇਖਿਆ ਕਿ ਕਰੀਬ 300 ਤੋਂ ਵੱਧ ਮੁਰਗੀਆਂ ਸੜਕ ਕੰਢੇ ਪਈਆਂ ਸਨ। ਪਸ਼ੂ ਹਸਪਤਾਲ ਦੇ ਬੀਐਲਡੀਏ ਵਿਕਰਮ ਸਿੰਘ ਨੇ ਜੇਸੀਬੀ ਨਾਲ ਖੱਡਾ ਖੋਦ ਕੇ ਮੁਰਗੀਆਂ ਨੂੰ ਜ਼ਮੀਨ ਵਿੱਚ ਦਬਾਇਆ। ਇਸੇ ਦੌਰਾਨ ਅੰਡੇ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਪੰਜ ਫੀਸਦੀ ਕਮੀ ਦਰਜ ਕੀਤੀ ਗਈ ਹੈ।