ਆਤਿਸ਼ ਗੁਪਤਾ
ਚੰਡੀਗੜ੍ਹ, 7 ਜਨਵਰੀ
ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੁਰਗਿਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਤੋਂ ਬਾਅਦ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 4 ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਇਕ ਸੁਖਨਾ ਝੀਲ ’ਤੇ, ਦੋ ਸੁਖਨਾ ਦੇ ਨਜ਼ਦੀਕੀ ਇਲਾਕੇ ਵਿੱਚ ਅਤੇ ਇਕ ਪੰਛੀ ਲਈਅਰ ਵੈਲੀ ਵਿੱਚ ਮਰਿਆ ਹੋਇਆ ਮਿਲਿਆ ਹੈ। ਉਧਰ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਮ੍ਰਿਤ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਤੱਕ ਚੰਡੀਗੜ੍ਹ ਵਿੱਚ ਕੁੱਲ 9 ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਯੂਟੀ ਪ੍ਰਸ਼ਾਸਨ ਨੇ ਅੱਜ 5 ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ, ਜਦਕਿ ਲੰਘੇ ਦਿਨ ਤਿੰਨ ਸੈਂਪਲ ਭੇਜੇ ਗਏ ਸੀ। ਇਸ ਤਰ੍ਹਾਂ ਹੁਣ ਤੱਕ ਕੁੱਲ 8 ਸੈਂਪਲਾਂ ਨੂੰ ਜਲੰਧਰ ਲੈਬਾਰਟਰੀ ਵਿੱਚ ਜਾਂਚ ਲਈ ਭੇਜ ਦਿੱਤਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਬਰਡ ਫਲੂ ਬਾਰੇ ਸਥਿਤੀ ਸਪਸ਼ਟ ਹੋ ਸਕੇਗੀ। ਇਸ ਗੱਲ ਦੀ ਪੁਸ਼ਟੀ ਜੰਗਲਾਤ ਵਿਭਾਗ ਦੇ ਅਧਿਕਾਰੀ ਅਬਦੁਲ ਕਿਊਮ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਹੁਕਮਾਂ ਮਗਰੋਂ ਯੂਟੀ ਪ੍ਰਸ਼ਾਸਨ ਸੁਖਨਾ ਝੀਲ ਸਣੇ ਸ਼ਹਿਰ ਵਿੱਚ ਪਾਣੀ ਵਾਲੀਆਂ ਥਾਵਾਂ ਦੀ ਜਾਂਚ ਕਰ ਰਿਹਾ ਹੈ।
ਕੇਂਦਰ ਦੀ ਟੀਮ ਕੇਰਲਾ ਪਹੁੰਚੀ
ਅਲਾਪੂਝਾ (ਕੇਰਲਾ): ਅਲਾਪੂਝਾ ਅਤੇ ਕੋਟਾਇਮ ਜ਼ਿਲ੍ਹਿਆਂ ’ਚ ਬਰਡ ਫਲੂ ਸੰਕਟ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲੈਣ ਲਈ ਕੇਂਦਰ ਦੀ ਤਿੰਨ ਮੈਂਬਰੀ ਟੀਮ ਅੱਜ ਇੱਥੇ ਪਹੁੰਚੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਟੀਮ ’ਚ ਕੇਂਦਰੀ ਸਿਹਤ ਮੰਤਰਾਲੇ ਦੀ ਲੋਕ ਸਿਹਤ ਮਾਹਿਰ ਡਾ. ਰੁਚੀ ਜੈਨ, ਕੌਮੀ ਵਿਸ਼ਾਣੂ ਵਿਗਿਆਨ ਸੰਸਥਾ ਪੁਣੇ ਦੇ ਵਿਗਿਆਨੀ ਡਾ. ਸ਼ੈਲੇਸ਼ ਪਵਾਰ ਅਤੇ ਰਾਮ ਮਨੋਹਰ ਲੋਹੀਆਂ ਹਸਪਤਾਲ ਦਿੱਲੀ ਦੇ ਡਾ. ਅਨੀਤ ਜਿੰਦਲ ਸ਼ਾਮਲ ਹਨ। ਟੀਮ ਨੇ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹਾਲਾਤ ’ਤੇ ਚਰਚਾ ਕੀਤੀ। ਬਾਅਦ ਵਿੱਚ ਟੀਮ ਕਾਰੂਵੱਤਾ ਰਵਾਨਾ ਹੋਈ ਜਿੱਥੇ ਬਰਡ ਫਲੂ ਦੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ ਦੇ ਬਿਆਨ ਅਨੁਸਾਰ ਬਰਡ ਫਲੂ ਨੂੰ ਕੰਟਰੋਲ ਕਰਨ ਲਈ ਬੀਤੇ ਦਿਨ ਅਲਾਪੂਝਾ ਤੇ ਕੋਟਾਇਮ ਜ਼ਿਲ੍ਹਿਆਂ ’ਚ ਬੱਤਖਾਂ ਤੇ ਮੁਰਗਿਆਂ ਸਮੇਤ 69 ਹਜ਼ਾਰ ਤੋਂ ਵੱਧ ਪੰਛੀ ਮਾਰੇ ਗਏ ਹਨ।
-ਪੀਟੀਆਈ
ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣ ਸਾਰੇ ਰਾਜ: ਕੇਂਦਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕੇਰਲਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ ਬਰਡ ਫਲੂ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਸਾਰੇ ਰਾਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣ। ਰਾਜਾਂ ਨੂੰ ਲੋੜੀਂਦੀ ਮਾਤਰਾ ਵਿੱਚ ਪੀਪੀਈ ਕਿੱਟਾਂ ਤੇ ਹੋਰ ਸਾਜੋ-ਸਾਮਾਨ ਦੀ ਉਲਪਬਧਤਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਕਿ ਪੋਲਟਰੀ ਉਤਪਾਦਾਂ ਨੂੰ ਉਬਾਲਣ ਜਾਂ ਪਕਾਉਣ ਤੋਂ ਬਾਅਦ ਹੀ ਖਾਣਾ ਸੁਰੱਖਿਅਤ ਹੈ।
-ਪੀਟੀਆਈ