ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੁਰਗਿਆਂ ਦੀ ਭੇਤਭਰੇ ਹਾਲਤ ਵਿੱਚ ਹੋ ਰਹੀ ਮੌਤ ਤੋਂ ਬਾਅਦ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 2 ਹੋਰ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਪੰਛੀ ਸੈਕਟਰ-10 ਦੀ ਲਈਅਰ ਵੈਲੀ ’ਚ ਮਿਲੇ ਹਨ। ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਤੱਕ ਚੰਡੀਗੜ੍ਹ ਵਿੱਚ ਕੁੱਲ ਦਰਜਨ ਤੋਂ ਵਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਯੂਟੀ ਪ੍ਰਸ਼ਾਸਨ ਨੇ ਹੁਣ ਤੱਕ 8 ਪੰਛੀਆਂ ਦੇ ਸੈਂਪਲ ਜਲੰਧਰ ਲੈਬਾਰਟਰੀ ਵੱਚ ਭੇਜੇ ਹਨ। ਇਨ੍ਹਾਂ ਵਿੱਚੋਂ ਬੀਤੇ ਦਿਨ ਦੋ ਰਿਪੋਰਟਾਂ ਨੈਗੇਟਿਵ ਆਈਆਂ ਹਨ ਤੇ 6 ਦੀ ਰਿਪੋਰਟ ਆਉਣੀ ਬਾਕੀ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਅਬਦੁਲ ਕਿਊਮ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਯੂਟੀ ਪ੍ਰਸ਼ਾਸਨ ਸੁਖਨਾ ਝੀਲ ਸਣੇ ਸ਼ਹਿਰ ਵਿੱਚ ਪਾਣੀ ਵਾਲੀਆਂ ਥਾਵਾਂ ਦੀ ਜਾਂਚ ਕਰ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਥਾਂ ’ਤੇ ਕੋਈ ਪੰਛੀ ਮਰਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਤੁਰੰਤ ਸੂਚਿਤ ਕਰਨ ਤਾਂ ਜੋ ਮ੍ਰਿਤਕ ਪੰਛੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕਰਵਾਈ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਪੰਛੀ ਅਤੇ ਮੁਰਗਿਆਂ ਦੀ ਹੋ ਰਹੀ ਮੌਤ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਬਾਜ਼ਾਰ ਵਿੱਚ ਮੀਟ ਅਤੇ ਅੰਡੇ ਦੇ ਰੇਟ ਆਮ ਨਾਲੋਂ ਘੱਟ ਗਏ ਹਨ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਪੋਲਟਰੀ ਫ਼ਾਰਮਾਂ ਵਿੱਚ ਮੁਰਗੀਆਂ ਖ਼ਤਮ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਚਕੂਲਾ ਦੇ ਜਿਨ੍ਹਾਂ ਪੋਲਟਰੀ ਫ਼ਾਰਮਾਂ ਵਿੱਚ ਬਰਡ ਫਲੂ ਕਾਰਨ ਮੁਰਗੀਆਂ ਮਰੀਆਂ ਸਨ, ਉਨ੍ਹਾਂ ਵਿੱਚ ਵਿਭਾਗ ਦੀ ਟੀਮ ਨੇ ਕਾਰਵਾਈ ਆਰੰਭ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਕੰਮ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਖੇੜੀ ਦੇ ਪੋਲਟਰੀ ਫਾਰਮਾਂ ਵਿੱਚ ਸ਼ੁਰੂ ਹੋਇਆ। ਬੀਤੀ ਕੱਲ੍ਹ ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਅਹੂਜਾ ਵੱਲੋਂ ਬਰਡ ਫਲੂ ਦੀ ਪੁਸ਼ਟੀ ਕਰਨ ਮਗਰੋਂ ਅੱਜ ਦੀ ਕਾਰਵਾਈ ਕੀਤੀ ਗਈ। ਵਰਨਣਯੋਗ ਹੈ ਕਿ ਬਰਵਾਲਾ-ਰਾਏਪੁਰਰਾਣੀ ਇਲਾਕੇ ਦੇ ਪੰਜ ਪੋਲਟਰੀ ਫਾਰਮਾਂ ਵਿੱਚ ਸਭ ਤੋਂ ਵੱਧ ਮੁਰਗੀਆਂ ਮਰੀਆਂ ਸਨ। ਇਨ੍ਹਾਂ ਫਾਰਮਾਂ ਵਿੱਚ ਜਿਨ੍ਹਾਂ ਪੰਛੀਆਂ ਨੂੰ ਹੁਣ ਮਾਰਿਆ ਜਾਣਾ ਹੈ, ਉਨ੍ਹਾਂ ਦੀ ਗਿਣਤੀ ਇੱਕ ਲੱਖ ਸੱਠ ਹਜ਼ਾਰ ਹੈ। ਇਸ ਮਾਮਲੇ ਬਾਰੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 15 ਹਜ਼ਾਰ ਪੋਲਟਰੀ ਫਾਰਮਾਂ ਦੇ ਮੁਲਾਜ਼ਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਵੈਸੇ ਬਰਡ ਫਲੂ ਇਨਸਾਨਾਂ ਵਿੱਚ ਦਾਖਲ ਨਹੀਂ ਹੁੰਦਾ, ਪਰ ਫਿਰ ਵੀ ਪੋਲਟਰੀ ਫਾਰਮਾਂ ਵਿੱਚ ਕੰਮ ਕਰਨ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਫਲੂ ਦਾ ਇਨਸਾਨਾਂ ਤੇ ਕੋਈ ਅਸਰ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਾਵਧਾਨੀ ਬਰਤਨੀ ਜ਼ਰੂਰੀ ਹੈ ਇਸ ਲਈ ਚਿਕਨ ਅਤੇ ਅੰਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਮੁਹਾਲੀ ਦੇ ਪਾਰਕ ਵਿੱਚ ਮਰਿਆ ਕਬੂਤਰ ਮਿਲਿਆ
ਐਸਏਐਸ ਨਗਰ (ਪੱਤਰ ਪ੍ਰੇਰਕ): ਸਥਾਨਕ ਸਿਟੀ ਪਾਰਕ ਸੈਕਟਰ-68 ਵਿਚ ਅੱਜ ਇੱਕ ਕਬੂਤਰ ਮਰਿਆ ਹੋਇਆ ਮਿਲਿਆ। ਪਾਰਕ ਵਿੱਚ ਸੈਰ ਕਰਨ ਆਉਂਦੇ ਲੋਕਾਂਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਪਸ਼ੂ ਹਸਪਤਾਲ ਸੈਕਟਰ-68 ਦੀ ਟੀਮ ਨੇ ਕਬੂਤਰ ਨੂੰ ਆਪਣੇ ਕਬਜ਼ੇ ਚੁੱਕ ਕੇ ਲੈ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਬੂਤਰ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ।