ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜਨਵਰੀ
ਦਿੱਲੀ, ਹਰਿਆਣਾ ਸਣੇ ਹੋਰਨਾਂ ਕਈ ਥਾਵਾਂ ’ਤੇ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਚੰਡੀਗੜ੍ਹ ਵੀ ਪੰਛੀਆਂ ਦੀ ਮੌਤ ਸਬੰਧੀ ਚਿੰਤਤ ਪਾਇਆ ਜਾ ਰਿਹਾ ਹੈ। ਅੱਜ 5 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਕੁਝ ਰਾਹਤ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ 13 ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਦੀ ਟੀਮ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਹ ਪੰਛੀ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਮ੍ਰਿਤਕ ਪਾਏ ਗਏ। ਹੁਣ ਤੱਕ ਕੁੱਲ ਸਾਢੇ ਤਿੰਨ ਦਰਜਨ ਤੋਂ ਵਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਤੱਕ 20 ਦੇ ਕਰੀਬ ਪੰਛੀਆਂ ਦੇ ਸੈਂਪਲ ਜਾਂਚ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜੇ ਹਨ, ਜਿਨ੍ਹਾਂ ਵਿੱਚ 3 ਦੀ ਰਿਪੋਰਟ ਪਹਿਲਾਂ ਅਤੇ 5 ਦੀ ਅੱਜ ਨੈਗੇਟਿਵ ਪਾਈ ਗਈ। ਇਸ ਗੱਲ ਦੀ ਪੁਸ਼ਟੀ ਜੰਗਲਾਤ ਵਿਭਾਗ ਦੇ ਅਧਿਕਾਰੀ ਅਬਦੁਲ ਕਿਉਮ ਨੇ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਥਾਂ ’ਤੇ ਪੰਛੀ ਮ੍ਰਿਤਕ ਦਿਖੇ ਤਾਂ ਤੁਰੰਤ ਸੂਚਿਤ ਕੀਤਾ ਜਾਵੇ।
ਰਿਪੋਰਟ ਪਾਜ਼ੇਿਟਵ ਆਉਣ ਤੋਂ ਬਾਅਦ ਮੁਰਗੀਆਂ ਨੂੰ ਮਾਰਨ ਦਾ ਐਲਾਨ
ਪੰਚਕੂਲਾ (ਪੱਤਰ ਪ੍ਰੇਰਕ): ਹੁਣ ਪੋਲਟਰੀ ਫਾਰਮਾਂ ਦੀਆਂ ਵੱਡੀ ਗਿਣਤੀ ਵਿੱਚ ਮੁਰਗੀਆਂ ਦੇ ਸੈਂਪਲ ਲਏ ਗਏ ਹਨ। ਜੇ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਫਲੂ ਨਾਲ ਪ੍ਰਭਾਵਿਤ ਬਾਕੀ ਮੁਰਗੀਆਂ ਨੂੰ ਮਾਰਿਆ ਜਾਵੇਗਾ। ਫਿਲਹਾਲ ਹੋਰ ਮੁਰਗੀਆਂ ਨੂੰ ਮਾਰਨ ਲਈ ਰੋਕ ਲਗਾ ਦਿੱਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ 20,960 ਫਲੂ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁਰਗੀਆਂ ਮਾਰੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 840 ਦੇ ਕਰੀਬ ਅੰਡਿਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ।