ਆਤਿਸ਼ ਗੁਪਤਾ
ਚੰਡੀਗੜ੍ਹ, 11 ਜਨਵਰੀ
ਦਿੱਲੀ ਤੇ ਹਰਿਆਣਾ ਸਮੇਤ ਕਈ ਹੋਰ ਥਾਵਾਂ ’ਤੇ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚੋਂ 13 ਪੰਛੀਆਂ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਪੰਛੀਆਂ ਵਿੱਚੋਂ 9 ਪੰਛੀ ਦੜੂਆ ਰੇਲਵੇ ਸਟੇਸ਼ਨ ਦੇ ਨਜ਼ਦੀਕ ਅਤੇ ਸੈਕਟਰ-26, 39 ਅਤੇ 40 ਵਿੱਚੋਂ ਮਰੇ ਮਿਲੇ ਹਨ। ਵੱਖ-ਵੱਖ ਸੈਕਟਰਾਂ ਵਿੱਚ ਮਰੇ ਪੰਛੀਆਂ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਕੇ 12 ਸੈਂਪਲ ਜਾਂਚ ਲਈ ਜਲੰਧਰ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ। ਇਸ ਦੇ ਨਾਲ ਪ੍ਰਸ਼ਾਸਨ ਨੇ ਹੁਣ ਤੱਕ ਕੁੱਲ 20 ਦੇ ਕਰੀਬ ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ ਜਿਨ੍ਹਾਂ ਵਿੱਚੋਂ ਸਿਰਫ਼ ਤਿੰਨ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਹੋਰਨਾਂ ਪੰਛੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਗੱਲ ਦੀ ਪੁਸ਼ਟੀ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਕੰਵਰਜੀਤ ਸਿੰਘ ਨੇ ਕੀਤੀ ਹੈ।ਡਾ. ਕੰਵਰਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਸਥਿਤੀ ਠੀਕ ਹੈ। ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਅਤੇ ਮੀਟ ਨੂੰ ਉਬਾਲ ਕੇ ਅਤੇ ਚੰਗੀ ਤਰ੍ਹਾਂ ਪਕਾ ਕੇ ਖਾਣ ਦੀ ਅਪੀਲ ਕੀਤੀ ਹੈ।
ਨੰਗਲ (ਰਾਕੇਸ਼ ਸੈਣੀ): ਅੱਜ ਸਵੇਰੇ ਪਿੰਡ ਮੈਦਾ ਮਾਜਰਾ ਵਿੱਚ ਰੇਲਵੇ ਫਾਟਕ ਕੋਲ ਸੱਤ ਕਾਂ ਮਰੇ ਹੋਏ ਮਿਲੇ ਹਨ। ਸੀਨੀਅਰ ਵੈਟਰਨਰੀ ਡਾਕਟਰ ਸੋਹਨ ਲਾਲ ਭੱਠਲ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕੁਝ ਕਾਂਵਾਂ ਨੂੰ ਤਾਂ ਦਬਾਅ ਦਿੱਤਾ ਗਿਆ ਸੀ ਪਰ ਇੱਕ ਮ੍ਰਿਤਕ ਕਾਂ ਨੂੰ ਸਵੇਰੇ ਜਾਂਚ ਲਈ ਜਲੰਧਰ ਲੈਬਾਰਟਰੀ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਹੀ ਇਨ੍ਹਾਂ ਕਾਂਵਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਪੰਚਕੂਲਾ ਵਿੱਚ ਮੁਰਗੀਆਂ ਮਾਰਨ ਦਾ ਕੰਮ ਜਾਰੀ
ਪੰਚਕੂਲਾ (ਪੀ ਪੀ ਵਰਮਾ): ਸੂਬੇ ਵਿੱਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਟੀਮ ਨੇ ਅੱਜ ਤੀਜੇ ਦਿਨ ਵੀ ਮੁਰਗੀਆਂ ਮਾਰਨ ਦਾ ਕੰਮ ਜਾਰੀ ਰੱਖਿਆ ਅਤੇ ਇਹ ਮੁਰਗੀਆਂ ਵੱਡਾ ਟੋਆ ਪੱਟ ਕੇ ਦੱਬੀਆਂ ਗਈਆਂ। ਇਹ ਮੁਰਗੀਆਂ ਜ਼ਿਲ੍ਹਾ ਪੰਚਾਇਤ ਅਧਿਕਾਰੀ ਕੰਵਰ ਦਮਨ ਸਿੰਘ ਦੀ ਦੇਖ-ਰੇਖ ਹੇਠ ਦੱਬੀਆਂ ਗਈਆਂ। ਇਹ ਕੰਮ ਬਰਵਾਲਾ ਬਲਾਕ ਅਤੇ ਰਾਏਪੁਰਰਾਣੀ ਬਲਾਕ ਦੇ ਉਨ੍ਹਾਂ ਪਿੰਡਾਂ ਵਿੱਚ ਕੀਤਾ ਗਿਆ ਜਿੱਥੇ ਵਧੇਰੇ ਪੋਲਟਰੀ ਫਾਰਮ ਹਨ ਅਤੇ ਜਿਨ੍ਹਾਂ ਪੋਲਟਰੀ ਫਾਰਮਾਂ ਨੂੰ ਕੰਟੇਨਮੈਂਟ ਏਰੀਆ ਐਲਾਨਿਆ ਗਿਆ ਹੈ। ਬਰਡ ਫਲੂ ਦੇ ਨੋਡਲ ਅਧਿਕਾਰੀ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਕੰਵਰ ਦਮਨ ਸਿੰਘ ਨੇ ਦੱਸਿਆ ਕਿ 36 ਰੈਪਿਡ ਰਿਸਪਾਂਸ ਟੀਮਾਂ ਇਸ ਅਪਰੇਸ਼ਨ ਵਿੱਚ ਜੁੜੀਆਂ ਹੋਈਆਂ ਹਨ।
ਮਰੇ ਪੰਛੀਆਂ ਦੇ ਸੈਂਪਲ ਜਲੰਧਰ ਤੇ ਭੋਪਾਲ ਭੇਜੇ
ਹਰਿਆਣਾ ਦੇ ਜੰਗਲਾਤ ਵਿਭਾਗ ਦੇ ਨਵੇਂ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਵੀ ਐੱਸ ਕੰਵਰ ਨੇ ਕਿਹਾ ਕਿ ਹਰਿਆਣਾ ਦੇ ਜੰਗਲਾਂ ਵਿੱਚ ਜਿਹੜੇ ਵੀ ਪੰਛੀ ਮਰੇ ਹੋਏ ਮਿਲੇ ਹਨ, ਉਨ੍ਹਾਂ ਦੇ ਸੈਂਪਲ ਜਲੰਧਰ ਤੇ ਭੋਪਾਲ ਭੇਜੇ ਗਏ ਹਨ। ਪੰਚਕੂਲਾ ਸਥਿਤ ਜੰਗਲਾਤ ਵਿਭਾਗ ਦੇ ਹੈੱਡਕੁਆਰਟਰ ਸੈਕਟਰ-6 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਚਕੂਲਾ ਵਿੱਚ ਮਰੇ ਹੋਏ ਇਹ ਪੰਛੀ ਪਿੰਡ ਮੌਲੀ ਅਤੇ ਮੋਰਨੀ ਇਲਾਕੇ ਵਿੱਚੋਂ ਮਿਲੇ ਹਨ।