ਹਰਜੀਤ ਸਿੰਘ
ਜ਼ੀਰਕਪੁਰ, 6 ਜਨਵਰੀ
ਦੇਸ਼ ਦੇ ਕਈ ਸੂਬਿਆਂ ‘ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਥੋਂ ਦੇ ਛੱਤਬੀੜ ਚਿੜੀਆਘਰ ਪ੍ਰਸ਼ਾਸਨ ਨੇ ਵੀ ਪੰਛੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਵਾਕ ਇਨ ਐਵੀਅਰੀ (ਪੰਛੀਆਂ ਦੇ ਵਾੜੇ) ਨੂੰ 15 ਜਨਵਰੀ ਤੱਕ ਸੈਲਾਨੀਆਂ ਲਈ ਬੰਦ ਕਰ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਪਹਿਲਾਂ ਹੀ ਛੱਤਬੀੜ ਚਿੜੀਆਘਰ ਨੂੰ ਕਰੀਬ ਅੱਠ ਮਹੀਨੇ ਬੰਦ ਰੱਖਣ ਮਗਰੋਂ ਲੰਘੇ ਮਹੀਨੇ ਖੋਲ੍ਹਿਆ ਗਿਆ ਸੀ। ਕਰੋਨਾ ਮਹਾਮਾਰੀ ਤੋਂ ਬਾਅਦ ਹੁਣ ਬਰਡ ਫਲੂ ਨੇ ਪੰਜਾਬ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨੂੰ ਦੇਖਦਿਆਂ ਛੱਤਬੀੜ ਚਿੜੀਆਘਰ ਦੀ ਵਾਕ ਇੰਨ ਐਵੀਅਰੀ ਨੂੰ ਸੈਲਾਨੀਆਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਇਥੇ ਜ਼ਿਕਰਯੋਗ ਹੈ ਕਿ ਛੱਤਬੀੜ ਚਿੜੀਆਘਰ ਵਿੱਚ ਭਾਰਤ ਦੀ ਸਬ ਤੋਂ ਲੰਬੀ ਵਾਕ-ਇਨ-ਐਵੀਅਰੀ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਇਸ ਸੰਬੰਧੀ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਐੱਮ. ਸੁਦਾਗਰ ਨੇ ਕਿਹਾ ਕਿ ਪੰਛੀਆਂ ਵਾਲੇ ਖੇਤਰ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਵਾਲਾ ਮੁਰਗੀ ਦੇ ਨਮੂਨਿਆਂ ਦੀ ਰਿਪੋਰਟ ਦੀ ਉਡੀਕ ਹੈ, ਤਦ ਹੀ ਬੰਦ ਕਰਨ ਦੇ ਵਾਧੇ ਬਾਰੇ ਫ਼ੈਸਲਾ ਕਰਾਂਗੇ।