ਚੰਡੀਗੜ੍ਹ/ਪੰਚਕੂਲਾ(ਟਨਸ/ਪੀ.ਪੀ. ਵਰਮਾ): ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ’ਚ ਬਰਡ ਫਲੂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹੇ ਵਿਚਲੇ ਪੰਜ ਪੋਲਟਰੀ ਫਾਰਮਾਂ ਦੇ 1.60 ਲੱਖ ਦੇ ਕਰੀਬ ਪੰਛੀ ਮਾਰਨ ਦੀ ਤਿਆਰੀ ਕੀਤੀ ਗਈ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਪੰਚਕੂਲਾ ਦੇ ਰਾਏਪੁਰ ਰਾਣੀ ਬਲਾਕ ਦੇ ਸਿੱਧਾਰਥ ਪੌਲਟਰੀ ਫਾਰਮ ਤੋਂ ਲਏ ਗਏ ਪੰਜ ਸੈਂਪਲਾਂ ਦੀ ਰਿਪੋਰਟ ’ਚ ਐੱਚ5ਐੱਨ8 ਦੀ ਪੁਸ਼ਟੀ ਹੋਈ ਹੈ। ਇਹ ਇੱਕ ਇਨਫਲੂਐਂਜ਼ਾ ਵਾਇਰਸ ਹੈ।’ ਇਸੇ ਤਰ੍ਹਾਂ ਪੰਚਕੂਲਾ ਦੇ ਨੇਚਰ ਪੌਲਟਰੀ ਫਾਰਮ ਦੇ ਪੰਛੀਆਂ ’ਚ ਵੀ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਵਾਇਰਸ ਪ੍ਰਭਾਵਿਤ ਇਲਾਕੇ ਦੇ ਇੱਕ ਕਿਲੋਮੀਟਰ ਦੇ ਘੇਰੇ ਵਿਚਲੇ ਸਾਰੇ ਪੋਲਟਰੀ ਫਾਰਮਾਂ ਦੇ ਪੰਛੀਆਂ ਨੂੰ ਮਾਰਿਆ ਜਾਵੇਗਾ। ਇਸ ਪ੍ਰਕਿਰਿਆ ਲਈ ਰੈਪਿਡ ਐਕਸ਼ਨ ਫੋਰਸ ਤਿਆਰ ਕੀਤੀ ਗਈ ਹੈ। ਬਰਵਾਲਾ ਪਸ਼ੂ ਹਸਪਤਾਲ ਦੇ ਵੈਟਰਨਰੀ ਡਾਕਟਰ ਸੁਭਾਸ਼ ਅਹਿਲਾਵਤ ਨੇ ਦੱਸਿਆ ਕਿ ਸਾਰੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪੋਲਟਰੀ ਫਾਰਮਾਂ ਵਿੱਚ ਸਫ਼ਾਈ ਰੱਖਣ ਅਤੇ ਦਵਾਈ ਦਾ ਛਿੜਕਾਅ ਕਰਵਾਉਂਦੇ ਰਹਿਣ।
ਇਸੇ ਤਰ੍ਹਾਂ ਦੇਸ਼ ’ਚ ਬਰਡ ਫਲੂ ਦੇ ਖਤਰੇ ਵਿਚਾਲੇ ਦਿੱਲੀ ਦੇ ਮਯੂਰ ਵਿਹਾਰ ਫੇਜ਼-3 ਇਲਾਕੇ ’ਚ ਪਿਛਲੇ ਕੁਝ ਦਿਨਾਂ ਅੰਦਰ 20 ਕਾਂ ਮਰਨ ਕਾਰਨ ਲੋਕਾਂ ’ਚ ਸਹਿਮ ਹੈ। ਸਥਾਨਕ ਵਿਭਾਗ ਦੀ ਪਸ਼ੂ ਪਾਲਣ ਇਕਾਈ ਦੇ ਅਧਿਕਾਰੀਆਂ ਨੇ ਅੱਜ ਇਸ ਇਲਾਕੇ ’ਚੋਂ ਸੈਂਪਲ ਇਕੱਠੇ ਕਰਕੇ ਜਾਂਚ ਲਈ ਪੰਜਾਬ ਦੇ ਜਲੰਧਰ ਸਥਿਤ ਲੈਬਾਰਟਰੀ ਭੇਜ ਦਿੱਤੇ ਹਨ। ਉੱਧਰ ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ’ਚ ਚਾਰ ਕਾਂ ਮਰੇ ਹੋਏ ਮਿਲੇ ਹਨ।