ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 23 ਅਗਸਤ
ਗਰਾਮ ਪੰਚਾਇਤ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਛਿੰਜ ਕਮੇਟੀ ਪਿੰਡ ਸੂੰਕ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਾਲਾਨਾ ਕੁਸ਼ਤੀ ਦੰਗਲ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਬਿਨੀਆਮੀਨ ਜੰਮੂ ਕੇਸਰੀ ਅਤੇ ਉਮੇਸ਼ ਮਥਰਾ ਦਰਮਿਆਨ ਬਰਾਬਰ ਰਹੀ। ਦੋਵਾਂ ਪਹਿਲਵਾਨਾਂ ਨੂੰ ਲੱਖ ਰੁਪਏ ਦੀ ਕੀਮਤ ਵਾਲੀ ਸੱਜਰੀ ਸੂਈ ਮੱਝ ਕਿਸਾਨ ਅਜਮੇਰ ਸਿੰਘ ਦੋਧੀ ਵੱਲੋਂ ਦਿੱਤੀ ਗਈ। ਸਰਪੰਚ ਬਾਲਕ ਸਿੰਘ, ਸਾਬਕਾ ਬਲਾਕ ਸਮਿਤੀ ਮੈਂਬਰ ਰਵਿੰਦਰ ਸਿੰਘ, ਚਰਨਜੀਤ ਸਿੰਘ, ਕਲੱਬ ਪ੍ਰਧਾਨ ਸੁਖਜਿੰਦਰ ਸਿੰਘ ਨੇ ਕੁਸ਼ਤੀਆਂ ਦਾ ਰਸਮੀ ਉਦਘਾਟਨ ਕੀਤਾ। ਨਗਰ ਕੌਂਸਲ ਨਵਾਂ ਗਾਉਂ ਦੇ ਪ੍ਰਧਾਨ ਗੁਰਧਿਆਨ ਸਿੰਘ ਕਰੌਰਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਕਵੰਜਾ ਸੌ ਰੁਪਏ ਇਨਾਮ ਵਾਲੀ ਛੋਟੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਅਸ਼ੀਸ਼ ਚੰਡੀਗੜ੍ਹੀਏ ਨੇ ਅੰਕਿਤ ਮੱਥਰਾ ਦੀ ਪਿੱਠ ਲਾਈ। ਇਸੇ ਦੌਰਾਨ ਪਹਿਲਵਾਨ ਦੀਪਾ ਮੁੱਲਾਂਪੁਰ ਨੇ ਸਲੀਮ ਨੂੰ, ਅਮਰੀਕ ਪੜਛ ਨੇ ਬਬਲੂ ਚੰਡੀਗੜ੍ਹ ਨੂੰ, ਦੀਸ਼ ਮੁੱਲਾਂਪੁਰ ਗਰੀਬਦਾਸ ਨੇ ਵਿਸ਼ੂ ਚੰਡੀਗੜ੍ਹ ਨੂੰ ਚਿੱਤ ਕੀਤਾ,ਜਦ ਕਿ ਅਮਿਤ ਚੰਡੀਗੜ੍ਹ ਪੁਲੀਸ ਤੇ ਅੰਕਿਤ, ਰਘਬੀਰ ਝੀਲ ਚੰਡੀਗੜ੍ਹ ਤੇ ਪਵਨ ਤੋਗਾਂ, ਪ੍ਰਿੰਸ ਪੜਛ ਤੇ ਦੀਪੂ ਭੋਗਪੁਰ ਸਮੇਤ ਹੋਰ ਕਈ ਪਹਿਲਵਾਨ ਬਰਾਬਰ ਰਹੇ। ਬਜ਼ੁਰਗ ਬਾਬਾ ਰਣ ਸਿੰਘ ਰਸਨਹੇੜੀ ਨੇ ਦੌੜ ਲਾਈ। ਸ਼ਿਵ ਬੈਂਸ ਨੇ ਕੁਮੈਂਟਰੀ ਕੀਤੀ।