ਆਤਿਸ਼ ਗੁਪਤਾ
ਚੰਡੀਗੜ੍ਹ, 20 ਅਪਰੈਲ
ਚੰਡੀਗੜ੍ਹ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਸਾਲ 2022-23 ਦੌਰਾਨ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਸਾਲ ਸ਼ਹਿਰ ਵਿੱਚ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਬਿਜਲੀ ਦੀਆਂ ਦਰਾਂ ਹੀ ਜਾਰੀ ਰਹਿਣਗੀਆਂ। ਸੰਯੁਕਤ ਬਿਜਲੀ ਰੈਗੂਲੇਟਰੀ ਵੱਲੋਂ ਦਿੱਤੀ ਗਈ ਇਸ ਰਾਹਤ ਨਾਲ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਜੇਈਆਰਸੀ ਨੇ ਪਿਛਲੇ ਸਾਲ ਬਿਜਲੀ ਦੀਆਂ ਦਰਾਂ ਵਿੱਚ 9.58 ਫ਼ੀਸਦ ਦੀ ਕਟੌਤੀ ਕੀਤੀ ਸੀ। ਕਮਿਸ਼ਨ ਦੀ ਰਿਪੋਰਟ ਅਨੁਸਾਰ ਇਸ ਵੇਲੇ ਘਰੇਲੂ ਖ਼ਪਤਕਾਰਾਂ ਲਈ ਪਹਿਲੀਆਂ 150 ਯੂਨਿਟਾਂ ਤੱਕ ਲਈ ਖ਼ਪਤਕਾਰਾਂ ਤੋਂ 2.50 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਵਸੂਲੀ ਕੀਤੀ ਜਾ ਰਹੀ ਹੈ ਜਦਕਿ 150 ਤੋਂ 400 ਯੂਨਿਟਾਂ ਤੱਕ 4.25 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿੱਲ ਵਸੂਲੇ ਜਾ ਰਹੇ ਹਨ। 400 ਯੂਨਿਟ ਤੋਂ ਵੱਧ ਲਈ 4.65 ਰੁਪਏ ਪ੍ਰਤੀ ਯੂਨਿਟ ਦੀ ਦਰ ਤੈਅ ਹੈ ਜੋ ਕਿ ਅੱਗੇ ਵੀ ਜਾਰੀ ਰਹੇਗੀ।
ਉੱਥੇ ਹੀ ਵਪਾਰਕ ਖ਼ਪਤਕਾਰਾਂ ਲਈ ਪਹਿਲੀਆਂ 150 ਯੂਨਿਟਾਂ ਲਈ 4.50 ਰੁਪਏ ਪ੍ਰਤੀ ਯੂਨਿਟ ਦੀ ਦਰ ਲਾਗੂ ਹੈ। 150 ਤੋਂ 400 ਯੂਨਿਟਾਂ ਤੱਕ 4.70 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿੱਲ ਲਿਆ ਜਾ ਜਾ ਰਿਹ ਹੈ ਅਤੇ 400 ਤੋਂ ਵੱਧ ਯੂਨਿਟਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਵਸੂਲੀ ਕੀਤੀ ਜਾਂਦੀ ਹੈ ਜੋ ਕਿ ਅੱਗੇ ਵੀ ਲਾਗੂ ਰਹੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ 2 ਲੱਖ 40 ਹਜ਼ਾਰ ਦੇ ਕਰੀਬ ਖਪਤਕਾਰ ਹਨ, ਜਿਨ੍ਹਾਂ ਵਿੱਚ 2 ਲੱਖ 5 ਹਜ਼ਾਰ ਘਰੇਲੂ ਅਤੇ 30000 ਦੇ ਕਰੀਬ ਵਪਾਰਕ ਖਪਤਕਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਬਿਜਲੀ ਵਿਭਾਗ ਦੀ ਆਮਦਨ ਪਿਛਲੇ ਚਾਰ ਸਾਲਾਂ ਵਿੱਚ ਚਾਰ ਗੁਣਾ ਵਧ ਚੁੱਕੀ ਹੈ।
ਸਾਲ 2018-19 ਵਿੱਚ ਬਿਜਲੀ ਵਿਭਾਗ ਵੱਲੋਂ ਸਾਰੇ ਕਰਜ਼ੇ ਲਾਹੇ ਜਾਣ ਤੋਂ ਬਾਅਦ ਵੀ 84 ਕਰੋੜ ਰੁਪਏ ਦਾ ਲਾਭ ਹੋਇਆ ਸੀ ਜੋ ਕਿ 2019-20 ਵਿੱਚ ਵਧ ਕੇ ਢਾਈ ਸੌ ਕਰੋੜ ਰੁਪਏ ਹੋ ਗਿਆ ਸੀ। ਇਹ ਲਾਭ 2021-22 ਵਿੱਚ ਵੱਧ ਕੇ 365 ਕਰੋੜ ’ਤੇ ਪਹੁੰਚ ਗਿਆ ਸੀ। ਇਸੇ ਕਰਕੇ ਯੂਟੀ ਪ੍ਰਸ਼ਾਸਨ ਨੇ ਲੰਘੇ ਵਰ੍ਹੇ ਬਿਜਲੀ ਦੀਆਂ ਦਰਾਂ ਵਿੱਚ 9.58 ਫੀਸਦੀ ਕਟੌਤੀ ਕੀਤੀ ਸੀ ਤਾਂ ਜੋ ਕਰੋਨਾਵਾਇਰਸ ਮਹਾਮਾਰੀ ਦੌਰਾਨ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।