ਆਤਿਸ਼ ਗੁਪਤਾ
ਚੰਡੀਗੜ੍ਹ, 25 ਫਰਵਰੀ
ਯੂਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਲੋਕਾਂ ਨੂੰ ਸਾਈਕਲ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ, ਪਰ ਸ਼ਹਿਰ ਵਿੱਚ ਖਸਤਾ ਹਾਲ ਸਾਈਕਲ ਟਰੈਕਾਂ ਕਰਕੇ ਲੋਕਾਂ ਨੂੰ ਸਾਈਕਲ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਕੁੱਲ 210 ਕਿੱਲੋਂ ਮੀਟਰ ਲੰਮੇ ਸਾਈਕਲ ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਦਕਿ ਮਾਰਚ ਦੇ ਪਹਿਲੇ ਹਫ਼ਤੇ ਲੜੀਂਦੇ ਸਾਈਕਲ ਟਰੈਕਾਂ ਨੂੰ ਮੁੜ ਬਣਾਇਆ ਜਾਵੇਗਾ।
ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ’ਤੇ ਸੈਕਟਰ-32, 33, 39, 40, 42, 43, 45, 46, 52, 53 ਅਤੇ ਹੋਰਨਾਂ ਸੈਕਟਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਸ ਬਾਰੇ ਯੂਟੀ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਸਾਈਕਲ ਟਰੈਕਾਂ ਦੀ ਮੁਰੰਮਤ ਪਹਿਲ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਈਕਲ ਟਰੈਕਾਂ ’ਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇੰਡਸਟਰੀਅਲ ਏਰੀਆ ਵਿੱਚ ਪੋਲਟ੍ਰੀ ਫਾਰਮ ਚੌਕ ਤੋਂ ਸੀਟੀਯੂ ਵਰਕਸ਼ਾਪ ਤੱਕ ਨਵੇਂ ਸਾਈਕਲ ਟਰੈਕ ਬਣਾਏ ਜਾ ਰਹੇ ਹਨ। ਜਿੱਥੇ ਹਾਲੇ ਸੜਕ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਪ੍ਰਸ਼ਾਸਨ ਵੱਲੋਂ ਧਨਾਸ ਮਾਰਬਲ ਮਾਰਕੀਟ ਤੋਂ ਮੁੱਲਾਪੁਰ ਤੱਕ ਸਾਈਕਲ ਟਰੈਕ ਬਣਾਇਆ ਜਾਵੇਗਾ।
ਦੱਸਣਯੋਗ ਹੈ ਕਿ ਮਾਰਚ 2020 ਵਿੱਚ ਹੋਈ ਤਾਲਾਬੰਦੀ ਤੋਂ ਬਾਅਦ ਲੋਕਾਂ ਵਿੱਚ ਸਾਈਕਲ ਚਲਾਉਣ ਅਤੇ ਸਿਹਤਮੰਦ ਰਹਿਣ ਲਈ ਕਾਰਜ ਆਰੰਭ ਦਿੱਤੇ ਸਨ। ਇਸੇ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਲੜਕੀਆਂ ਸਵੇਰ/ਸ਼ਾਮ ਸਮੇਂ ਸਾਈਕਲ ਚਲਾਉਂਦੇ ਵਿਖਾਈ ਦਿੰਦੇ ਹਨ। ਸੈਕਟਰ-20 ਦੇ ਰੋਹਨ ਨੇ ਦੱਸਿਆ ਕਿ ਉਹ ਰੋਜ਼ਾਨਾ 20-25 ਕਿੱਲੋਂ ਮੀਟਰ ਸਾਈਕਲ ਚਲਾਉਂਦਾ ਹੈ ਪਰ ਸਾਈਕਲ ਟਰੈਕਾਂ ਦੀ ਖਸਤਾ ਹਾਲਤ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਾਈਕਲ ਟਰੈਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ।