ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਕਤੂਬਰ
ਪੰਜਾਬ ਦੇ ਰਾਜਪਾਲ ਤੇ ਯੂਟੀ, ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਨੂੰ ਲੈ ਕੇ ਮਨਾਏ ਜਾ ਰਹੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਸਮਾਗਮਾਂ ਤਹਿਤ ਅੱਜ ਇੱਥੇ ਸੁਖਨਾ ਝੀਲ ਇੱਕ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸ ਰੈਲੀ ਦਾ ਪ੍ਰਬੰਧ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵੱਲੋਂ ਕੀਤਾ ਗਿਆ ਹੈ।
ਰਾਜਪਾਲ ਨੇ ਕਿਹਾ ਕਿ ਸਾਈਕਲਿੰਗ ਸਿਹਤਮੰਦ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਰਾਜਪਾਲ ਨੇ ਹਫ਼ਤਾ ਭਰ ਚੱਲੇ ਸਮਾਗਮਾਂ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਦੀਆਂ ਵੱਖ -ਵੱਖ ਟੀਮਾਂ ਦਾ ਸਨਮਾਨ ਵੀ ਕੀਤਾ।
ਚੰਡੀਗੜ੍ਹ ਵਾਸੀਆਂ ਨੇ ਅੱਜ ਸੁਖਨਾ ਝੀਲ ਤੋਂ ਸ਼ਾਂਤੀ ਕੁੰਜ ਤੱਕ ਕੀਤੀ ਗਈ 7.5 ਕਿਲੋਮੀਟਰ ਸਾਈਕਲ ਰੈਲੀ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਰੈਲੀ ’ਚ ਸ਼ਾਮਲ ਲੋਕਾਂ ’ਚ ਲੱਗਪਗ 50 ਫ਼ੀਸਦੀ ਮਹਿਲਾਵਾਂ ਸਨ। ‘ਜੂਨੀਅਰ ਸਾਈਕਲਿੰਗ ਚੈਂਪੀਅਨਜ਼’ ਭਾਵ ਬੱਚਿਆਂ ਨੇ ਉਤਸ਼ਾਹ ਨਾਲ ਰੈਲੀ ਵਿੱਚ ਹਿੱਸਾ ਲਿਆ। ਸੈਕਟਰ -16 ਦੇ ਸ਼ਾਂਤੀ ਕੁੰਜ ’ਚ ਰੈਲੀ ਦੀ ਸਮਾਪਤੀ ਮੌਕੇ ਮੇਅਰ ਅਤੇ ਕਮਿਸ਼ਨਰ ਵੱਲੋਂ ਔਰਤਾਂ ਦੇ ਨਾਲ-ਨਾਲ ਜੂਨੀਅਰ ਸਾਈਕਲਿੰਗ ਚੈਂਪੀਅਨਜ਼ ਨੂੰ ਸਨਮਾਨਿਤ ਕਰਦਿਆਂ ਸਰਟੀਫਿਕੇਟ ਵੀ ਦਿੱਤੇ ਗਏ।