ਮਿਹਰ ਸਿੰਘ
ਕੁਰਾਲੀ, 5 ਅਪਰੈਲ
ਨਿਕਾਸੀ ਪ੍ਰਬੰਧਾਂ ਦੀ ਅਣਹੋਂਦ ਕਾਰਨ ਲੰਮੇਂ ਸਮੇਂ ਤੋਂ ਨਰਕ ਜਿਹਾ ਜੀਵਨ ਬਤੀਤ ਕਰਨ ਲਈ ਮਜਬੂਰ ਵਾਰਡ ਨੰਬਰ 12 ਦੇ ਵਸਨੀਕਾਂ ਦੀ ਸਾਰ ਲੈਣ ਲਈ ਅੱਜ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਸ਼ਹਿਰ ਦਾ ਦੌਰਾ ਕੀਤਾ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਚਾਰ ਅਪਰੈਲ ਨੂੰ ਖ਼ਬਰ ਪ੍ਰਕਾਸ਼ਿਤ ਹੋਈ ਸੀ। ਇਸ ਮੌਕੇ ਵਾਰਡ ਦੇ ਕੌਂਸਲਰ ਖੁਸ਼ਵੀਰ ਸਿੰਘ ਨੇ ਸਮੱਸਿਆ ਸਬੰਧੀ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ। ਇਸੇ ਦੌਰਾਨ ਵਾਰਡ ਵਾਸੀਆਂ ਸਤਨਾਮ ਸਿੰਘ,ਜਤਿੰਦਰ ਸਿੰਘ, ਕਰਮਵੀਰ ਵਰਮਾ ਨੇ ਵਿਧਾਇਕਾ ਨੂੰ ਜਾਣੂ ਕਰਵਾਇਆ ਕਿ ਕੌਂਸਲ ਅਤੇ ਪਿਛਲੀ ਸਰਕਾਰ ਦੇ ਨੁਮਾਇੰਦਿਆਂ ਨੂੰ ਅਨੇਕਾਂ ਅਪੀਲਾਂ ਕਰਨ ਦੇ ਬਾਜਵੂਦ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਵਿਧਾਇਕਾ ਨੇ ਇਸ ਸਬੰਧੀ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਤੋਂ ਸਮੱਸਿਆ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਇਸੇ ਦੌਰਾਨ ਹਲਕਾ ਵਿਧਾਇਕ ਬੀਬਾ ਮਾਨ ਨੇ ਵਾਰਡ ਦੇ ਨਿਕਾਸੀ ਪ੍ਰਬੰਧ ਨੂੰ ਤੁਰੰਤ ਸਹੀ ਕਰਨ ਅਤੇ ਲੋਕਾਂ ਨੂੰ ਇਸ ਨਰਕ ਤੋਂ ਨਿਜ਼ਾਤ ਦਿਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਰਡ ਵਿੱਚ ਨਾਜਾਇਜ਼ ਉਸਾਰੀ ਕਰਕੇ ਨਿਕਾਸੀ ਨੂੰ ਪ੍ਰਭਾਵਿਤ ਕਰਨ ਵਾਲੇ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।