ਹਰਜੀਤ ਸਿੰਘ
ਜ਼ੀਰਕਪੁਰ, 1 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕੜਾ (ਉਗਰਾਹਾਂ) ਵੱਲੋਂ ਜ਼ੀਰਕਪੁਰ ਹਾਈਵੇਅ ’ਤੇ ਵਾਲਮਾਰਟ ਬੈਸਟ ਪ੍ਰਾਈਸ ਸਟੋਰ ਦੇ ਸਾਹਮਣੇ ਲਾਇਆ ਧਰਨਾ ਅੱਜ ਮੰਗਾਂ ਪੂਰੀ ਹੋਣ ਮਗਰੋਂ ਚੁੱਕ ਲਿਆ ਗਿਆ। ਕਿਸਾਨਾਂ ਵੱਲੋਂ ਕੰਪਨੀ ਦੇ ਬਠਿੰਡਾ ਸਥਿਤ ਸਟੋਰ ਵਿਖੇ ਕੰਮ ਕਰਦੇ 30 ਦੇ ਕਰੀਬ ਕਰਮੀਆਂ ਨੂੰ ਬਿਨਾਂ ਕਿਸੇ ਕਾਰਨ ਨੌਕਰੀਓਂ ਕੱਢੇ ਜਾਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ। ਕੰਪਨੀ ਵੱਲੋਂ ਅੱਜ ਸਾਰੇ ਕਰਮੀਆਂ ਨੂੰ ਨੌਕਰੀ ’ਤੇ ਮੁੜ ਤੋਂ ਰੱਖਣ ਦੀ ਮੰਗ ਪੂਰੀ ਹੋਣ ਮਗਰੋਂ ਧਰਨਾ ਚੁੱਕ ਲਿਆ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸਣੇ ਹੋਰਨਾਂ ਨੇ ਦੱਸਿਆ ਕਿ ਕੰਪਨੀ ਦੇ ਬਠਿੰਡਾ ਸਟੋਰ ਦੇ ਪ੍ਰਬੰਧਕਾਂ ਵੱਲੋਂ ਉਥੇ ਕੰਮ ਕਰਦੇ 30 ਦੇ ਕਰੀਬ ਕਰਮੀਆਂ ਨੂੰ ਬਿਨਾਂ ਕਿਸੇ ਕਾਰਨ ਤੋਂ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਨੇ ਉੱਕਤ ਕਰਮੀਆਂ ਤੋਂ ਜ਼ਬਰਦਸਤੀ ਧੋਖੇ ਨਾਲ ਅਸਤੀਫ਼ੇ ਦੇ ਇਕਰਾਰਨਾਮੇ ’ਤੇ ਹਸਤਾਖ਼ਰ ਕਰਵਾ ਲਏ ਸਨ। ਉਨ੍ਹਾਂ ਦੀ ਯੂਨੀਅਨ ਵੱਲੋਂ ਇਸ ਦਾ ਵਿਰੋਧ ਕਰਦਿਆਂ ਸੰਘਰਸ਼ ਕੀਤਾ ਜਾ ਰਿਹਾ ਸੀ। ਯੂਨੀਅਨ ਨੇ ਕੰਪਨੀ ਦੇ ਪ੍ਰਬੰਧਕਾਂ ਨੂੰ ਲੰਘੀ 30 ਸਤੰਬਰ ਤੱਕ ਕੱਢੇ ਕਰਮੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ, ਪਰ ਕੰਪਨੀ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ। ਇਸ ਦੇ ਚਲਦਿਆਂ ਉਨ੍ਹਾਂ ਵੱਲੋਂ ਪਹਿਲਾਂ ਦਿੱਤੇ ਅਲਟੀਮੇਟਮ ਤਹਿਤ ਸੂਬੇ ਦੇ ਸਾਰੇ ਸਟੋਰਾਂ ਦੇ ਨਾਲ ਜ਼ੀਰਕਪੁਰ ਸਟੋਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਧਰਨੇ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਕੰਪਨੀ ਦੇ ਅਧਿਕਾਰੀਆਂ ਨੇ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਦਿਆਂ ਨੌਕਰੀਓਂ ਕੱਢੇ ਕਰਮੀਆਂ ਨੂੰ ਮੁੜ ਬਹਾਲ ਕਰਨ ਤੋਂ ਇਲਾਵਾ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੂਰੇ ਸੂਬੇ ਵਿੱਚ ਸਟੋਰਾਂ ਦੇ ਬਾਹਰ ਤੋਂ ਧਰਨਾ ਚੁੱਕ ਲਿਆ ਗਿਆ ਹੈ। ਝੰਡਾ ਸਿੰਘ ਜੇੇਠੂਕੇ ਨੇ ਕਿਹਾ ਕਿਸਾਨਾਂ ਨੇ ਵਾਲਮਾਰਟ ਗਰੁੱਪ ਤੋਂ ਤਾਂ ਲੜਾਈ ਜਿੱਤ ਲਈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਕੇਂਦਰ ਸਰਕਾਰ ਖ਼ਿਲਾਫ਼ ਚਲ ਰਹੀ ਲੜਾਈ ਵੀ ਜਿੱਤ ਲਈ ਜਾਏਗੀ। ਉਨ੍ਹਾਂ ਕਿਹਾ ਉਹ ਲੜਾਈ ਜਿੱਤ ਕੇ ਦਿੱਲੀ ਤੋਂ ਵਾਪਸ ਪਰਤਣਗੇ।