ਪੱਤਰ ਪ੍ਰੇਰਕ
ਖਰੜ, 11 ਮਾਰਚ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਹੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵੇਟਲਿਫ਼ਟਿੰਗ ਅਤੇ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਦੇ ਤੀਜੇ ਦਿਨ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ 12 ਅੰਕਾਂ ਨਾਲ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਲਈ ਹੈ। ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਮਹਾਰਾਸ਼ਟਰ 10 ਅੰਕਾਂ ਨਾਲ ਰਨਰਅੱਪ ਰਹੀ। ਵੇਟ ਲਿਫ਼ਟਿੰਗ ਵਿੱਚ 73 ਅਤੇ 81 ਕਿਲੋਗ੍ਰਾਮ ਭਾਰ ਵਰਗ ਅਤੇ ਬੈਸਟ ਫ਼ਿਜ਼ੀਕ ਅਧੀਨ 90 ਕਿਲੋਗ੍ਰਾਮ ਅਤੇ +90 ਕਿਲੋਗ੍ਰਾਮ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।
ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਇੱਕ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਮੰਗਲੌਰ ਯੂਨੀਵਰਸਿਟੀ ਕਰਨਾਟਕ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਸਾਵਿਤਰੀਬਾਈ ਫੂਲੇ ਯੂਨੀਵਰਸਿਟੀ ਮਹਾਂਰਾਸ਼ਟਰ ਦੇ ਸ਼ੇਖ ਵਸੀਮ ਨੇ ਮਿਸਟਰ ਆਲ ਇੰਡੀਆ ਅੰਤਰ ਯੂਨੀਵਰਸਿਟੀ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ। ਬੈਸਟ ਫ਼ਿਜ਼ੀਕ ਦੇ 90 ਕਿਲੋ ਵਿੱਚ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਦੇ ਐਂਥਨੀ ਕੈਨੇਥ ਨੇ ਪਹਿਲਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੋਹਿਤ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ।