ਪੱਤਰ ਪ੍ਰੇਰਕ
ਖਰੜ, 14 ਸਤੰਬਰ
ਇੱਥੋਂ ਦੇ ਐੱਸਬੀਪੀ ਹੋਮਜ਼ ਸੁਸਾਇਟੀ ਵਿੱਚ ਠੇਕੇਦਾਰ ਦੇ ਕਾਰਿੰਦਿਆਂ ਵੱਲੋਂ ਸਕਿਉਰਿਟੀ ਗਾਰਡ ਦੀ ਕਥਿਤ ਕੁੱਟਮਾਰ ਕੀਤੀ ਗਈ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਸੰਤ ਰਾਮ ਵਜੋਂ ਹੋਈ ਹੈ, ਜੋ ਸਕਿਉਰਿਟੀ ਗਾਰਡ ਕੰਪਨੀ ਵਿੱਚ ਸੁਪਰਵਾਈਜ਼ਰ ਹੈ। ਉਸ ਦੇ ਇੱਕ ਸਾਥੀ ਸੀਤਾਰਾਮ ਨੇ ਦੱਸਿਆ ਕਿ ਇੱਥੇ ਸੁਸਾਇਟੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸ ਨੇ ਠੇਕੇਦਾਰ ਦੇ ਮਜ਼ਦੂਰਾਂ ਨੂੰ ਕਿਹਾ ਕਿ ਇੱਥੇ ਲੋਕਾਂ ਦੀ ਆਵਾਜਾਈ ਜ਼ਿਆਦਾ ਹੈ, ਇਸ ਲਈ ਉਹ ਧਿਆਨ ਨਾਲ ਕੰਮ ਕਰਨ। ਇਸ ਤੋਂ ਭੜਕੇ ਠੇਕੇਦਾਰ ਦੇ ਕਾਰਿੰਦਿਆਂ ਨੇ ਸੰਤਰਾਮ ਦੇ ਸਿਰ ਵਿੱਚ ਹਥੌੜੀ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ, ਜਿਥੋਂ ਉਸ ਨੂੰ ਫੇਜ਼ 6 ਮੁਹਾਲੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸੰਤ ਰਾਮ ਦੇ ਸਾਥੀਆਂ ਨੇ ਦੱਸਿਆ ਕਿ ਖਰਚੇ ਲਈ ਪੈਸੇ ਨਾ ਹੋਣ ਕਾਰਨ ਉਹ ਸੰਤ ਰਾਮ ਨੂੰ ਖਰੜ ਲੈ ਆਏ। ਉਧਰ, ਖਰੜ ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।