ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 19 ਨਵੰਬਰ
ਨਵਾਂ ਗਾਉਂ ਵਿੱਚ ਪ੍ਰੇਮ ਵਿਆਹ ਕਰਵਾਉਣ ਆਏ ਲੜਕੇ-ਲੜਕੀ ਦੀ ਕੁੱਟਮਾਰ ਕਰਕੇ ਕੁੜੀ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਤਿੰਨ ਅਣਪਛਾਤੇ ਨੌਜਵਾਨ ਇੱਕ ਕਾਰ ਰਾਹੀਂ ਲੈ ਕੇ ਰਫੂ ਚੱਕਰ ਹੋ ਗਏ।
ਪੁਲੀਸ ਥਾਣਾ ਨਵਾਂ ਗਾਉਂ ਦੇ ਐੱਸਐੱਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦਾ ਨੌਜਵਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਦੀ ਲੜਕੀ ਹਾਈ ਕੋਰਟ ਵਿੱਚ ਪ੍ਰੇਮ ਵਿਆਹ ਕਰਵਾਉਣ ਆਏ ਸਨ ਅਤੇ ਨਵਾਂ ਗਾਉਂ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਦੋਵਾਂ ਨੇ ਸਿੰਘਾ ਦੇਵੀ ਕਲੋਨੀ ਨੇੜਲੇ ਇੱਕ ਗੁਰਦੁਆਰੇ ਵਿੱਚ ਬੀਤੇ ਦਿਨ ਆਨੰਦ ਕਾਰਜ ਦੀ ਰਸਮ ਵੀ ਕਰਵਾ ਲਈ ਸੀ ਪਰ ਉਨ੍ਹਾਂ ਦੇ ਵਕੀਲ ਵੱਲੋਂ ਪ੍ਰੇਮ ਵਿਆਹ ਸਬੰਧੀ ਅਦਾਲਤ ਵਿੱਚ ਪੇਸ਼ ਹੋਣ ਲਈ 24 ਨਵੰਬਰ ਰੱਖੀ ਗਈ ਸੀ, ਇਸ ਕਰਕੇ ਜੋੜੇ ਨੂੰ ਵਕੀਲ ਨੇ ਨਵਾਂ ਗਾਉਂ ਦੇ ਇੱਕ ਹੋਟਲ ਵਿੱਚ ਠਹਿਰਾਇਆ ਹੋਇਆ ਸੀ।
ਬੀਤੀ ਸ਼ਾਮ ਜਦੋਂ ਕਿਸੇ ਕੰਮ ਲਈ ਜੋੜਾ ਹੋਟਲ ਤੋਂ ਬਾਹਰ ਥੋੜੀ ਦੂਰ ਹੀ ਗਿਆ ਸੀ ਕਿ ਇੱਕ ਕਾਰ ਵਿੱਚ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਆਟੋ ਨੂੰ ਰੋਕ ਕੇ ਜੋੜੇ ਦੀ ਕਥਿਤ ਤੌਰ ਉਤੇ ਕੁੱਟਮਾਰ ਅਤੇ ਖਿੱਚਧੂਹ ਕੀਤੀ।
ਬਾਅਦ ਵਿੱਚ ਮੁੰਡੇ ਨੂੰ ਛੱਡ ਕੇ ਲੜਕੀ ਨੂੰ ਫੜ ਕੇ ਕਾਰ ਵਿੱਚ ਸੁੱਟ ਕੇ ਤਿੰਨੇ ਅਣਪਛਾਤੇ ਨੌਜਵਾਨ ਫ਼ਰਾਰ ਹੋ ਗਏ। ਨਵਾਂ ਗਾਉਂ ਦੀ ਪੁਲੀਸ ਨੇ ਗੁਰਪ੍ਰੀਤ ਸਿੰਘ ਨਾਮ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।