ਪੱਤਰ ਪ੍ਰੇਰਕ
ਲਾਲੜੂ, 15 ਜਨਵਰੀ
ਮੁਹਾਲੀ ਵਿੱਚ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਾਇਨਾਤ ਅਧਿਕਾਰੀ ਅਤੇ ਇਕ ਹੋਰ ਗਰਾਮ ਸੇਵਕ ’ਤੇ ਲਾਲੜੂ ਮੰਡੀ ਵਿੱਚ ਬੀਤੀ ਦੇਰ ਰਾਤ ਕੁੱਝ ਸ਼ਰਾਬੀ ਹੁਲੜਬਾਜ਼ਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬੀਡੀਪੀਓ ਜ਼ਖ਼ਮੀ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਬੀਡੀਪੀਓ ਵਿਨੋਦ ਕੁਮਾਰ ਜੋ ਮੁਹਾਲੀ ਵਿੱਚ ਤਾਇਨਾਤ ਹਨ, ਉਹ ਬੀਤੀ ਰਾਤ ਕਰੀਬ 9. 30 ਵਜੇ ਲਾਲੜੂ ਮੰਡੀ ਵਿੱਚ ਬਣਾਏ ਆਪਣੇ ਪੀ.ਜੀ ਵਿੱਚ ਗਿਆ ਹੋਇਆ ਸੀ। ਉਸ ਨਾਲ ਪਿੰਡ ਧਰਮਗੜ੍ਹ ਵਾਸੀ ਲਖਵਿੰਦਰ ਸਿੰਘ ਗਰਾਮ ਸੇਵਕ ਵੀ ਸੀ, ਜੋ ਵਿਨੋਦ ਛੱਡ ਕੇ ਆਪਣੇ ਧਰਮਗੜ੍ਹ ਜਾ ਰਿਹਾ ਸੀ। ਰਾਹ ਵਿੱਚ ਕੁੱਝ ਹੁਲੜਬਾਜ਼ ਤੇ ਸ਼ਰਾਬੀ ਵਿਅਕਤੀਆਂ ਨੇ ਗਰਾਮ ਸੇਵਕ ਨੁੂੰ ਘੇਰ ਲਿਆ। ਉਸ ਨੇ ਬੀਡੀਪੀਓ ਨੂੰ ਫੋਨ ਕਰਕੇ ਮੌਕੇ ’ਤੇ ਬੁਲਾ ਲਿਆ। ਹੁਲੜਬਾਜ਼ਾਂ ਨੇ ਬੇਸਬਾਲ ਨਾਲ ਕਥਿਤ ਤੌਰ ’ਤੇ ਬੀਡੀਪੀਓ ਦੀ ਕੁੱਟਮਾਰ ਕੀਤੀ। ਬੀਡੀਪੀਓ ਦੇ ਸਿਰ ਵਿੱਚ ਟਾਂਕੇ ਲੱਗੇ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਹੁਲੜਬਾਜ਼ ਨੌਜਵਾਨ ਸਥਾਨਕ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਬੀਡੀਪੀਓ ਵਿਨੋਦ ਕੁਮਾਰ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।