ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਭਰਮ ਦੂਰ ਕਰਨ ਦਾ ਦਾਅਵਾ
ਪੱਤਰ ਪ੍ਰੇਰਕ
ਨਵੀਂ ਦਿੱਲੀ 9 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿੱਲੀ ਮੋਰਚੇ ’ਚੋਂ ਕਿਸਾਨਾਂ ਦਾ ਜਥਾ ਕਰਨਾਲ ਲਈ ਰਵਾਨਾ ਹੋ ਗਿਆ ਹੈ। ਕਿਸਾਨ ਅੱਜ ਸਵੇਰੇ 8 ਵਜੇ ਦੇ ਕਰੀਬ ਪਕੌੜਾ ਚੌਕ ਵਿੱਚ ਇਕੱਠੇ ਹੋਏ ਤੇ ਕਰਨਾਲ ਵੱਲ ਚਾਲੇ ਪਾ ਦਿੱਤੇ। ਚੇਤੇ ਰਹੇ ਕਿ ਕਰਨਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ 7 ਸਤੰਬਰ ਤੋਂ ਸਕੱਤਰੇਤ ਘੇਰਿਆ ਹੋਇਆ ਹੈ।
ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿੱਚ ਬੱਸਾਂ ਅਤੇ ਕਾਰਾਂ ਜੀਪਾਂ ਰਾਹੀਂ ਕਾਫ਼ਲਾ ਨਾਅਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਕਰਨਾਲ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਕੱਠੇ ਹੋਏ ਕਿਸਾਨਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨ ਜ਼ਖ਼ਮੀ ਹੋ ਗਏ ਸਨ। ਇੱਕ ਜ਼ਖ਼ਮੀ ਕਿਸਾਨ ਦੀ ਦੂਜੇ ਦਿਨ ਹਸਪਤਾਲ ਵਿਚ ਮੌਤ ਹੋ ਗਈ ਸੀ। ਇਸ ਲਈ ਕਰਨਾਲ ਦੇ ਐੱਸਡੀਐੱਮ, ਜਿਸ ਨੇ ਕਿਸਾਨਾਂ ’ਤੇ ਸਖ਼ਤ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ, ਨੂੰ ਬਰਖਾਸ਼ਤ ਕਰਨ ਦੀ ਮੰਗ, ਐਸਡੀਐਮ ’ਤੇ ਕਤਲ ਦਾ ਪਰਚਾ ਦਰਜ ਕਰਨ, ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਪੁਲੀਸ ਅਫਸਰਾਂ ’ਤੇ ਬਣਦੀ ਕਾਰਵਾਈ ਦੀ ਮੰਗ, ਕਿਸਾਨਾਂ ’ਤੇ ਦਰਜ ਕੀਤੇ ਝੂਠੇ ਪੁਲੀਸ ਕੇਸ ਰੱਦ ਕਰਨ, ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਪੱਚੀ ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੀ ਮੰਗ ਆਦਿ ਮੰਗਾਂ ਸਬੰਧੀ ਮੋਰਚਾ ਲੱਗਿਆ ਹੋਇਆ ਹੈ। ਅੱਜ ਦੀ ਸਟੇਜ ਤੋਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਕੇ ਦੀ ਭਾਜਪਾ ਹਕੂਮਤ ਨੂੰ ਭਰਮ ਹੈ ਕਿ ਕਿਸਾਨਾਂ ਨੂੰ ਵੱਖ ਵੱਖ ਢੰਗਾਂ ਰਾਹੀਂ ਉਲਝਾ ਕੇ ਦਿੱਲੀ ਦਾ ਮੋਰਚਾ ਫੇਲ੍ਹ ਕਰ ਦੇਵਾਂਗੇ। ਇਸ ਦੇ ਸਾਰੇ ਭੁਲੇਖੇ ਜਿੰਨਾ ਮਰਜ਼ੀ ਘੋਲ ਲੰਮਾ ਹੋ ਜਾਵੇ ਕੱਢ ਕੇ ਹੀ ਛੱਡਾਂਗੇ।
ਕੈਪਸ਼ਨ: ਕਰਨਾਲ ਲਈ ਰਵਾਨਾ ਹੋਇਆ ਕਿਸਾਨਾਂ ਦਾ ਜੱਥਾ। -ਫੋਟੋ: ਦਿਓਲ