ਪੀ.ਪੀ. ਵਰਮਾ
ਪੰਚਕੂਲਾ, 23 ਅਪਰੈਲ
ਪੰਚਕੂਲਾ ਦੇ ਬਰਵਾਲਾ ਬਲਾਕ ਵਿੱਚ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਬਿਨਾਂ ਪਾਣੀ ਦੇ ਫ਼ਸਲਾਂ ਸੁੱਕ ਰਹੀਆਂ ਹਨ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਸੂਬਾ ਸਰਕਾਰ ਨੇ ਘਰਾਂ ਵਿੱਚ 24 ਘੰਟੇ ਅਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਸੀ ਜੋ ਖੋਖਲਾ ਨਜ਼ਰ ਆ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਸੁੰਦਰਪੁਰ ਫੀਡਰ ਤੋਂ ਬਿਜਲੀ ਸਪਲਾਈ ਹੁੰਦੀ ਹੈ ਪਰ 15 ਦਿਨ ਤੋਂ ਉਨ੍ਹਾਂ ਨੂੰ 8 ਘੰਟਿਆਂ ਵਿੱਚੋਂ ਸਿਰਫ਼ ਇੱਕ ਘੰਟਾ ਬਿਜਲੀ ਮਿਲ ਰਹੀ ਹੈੈ। ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਹਜ਼ਾਰਾਂ ਰੁਪਏ ਦੀ ਖਾਦ ਤੇ ਬੀਜ ਪਾ ਕੇ ਫ਼ਸਲਾਂ ਬੀਜੀਆਂ ਗਈਆਂ ਹਨ, ਜੋ ਪਾਣੀ ਨਾ ਮਿਲਣ ਕਾਰਨ ਸੁੱਕਣ ਲੱਗੀਆਂ ਹਨ। ਕਿਸਾਨਾਂ ਨੇ ਫ਼ਿਕਰ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਿਜਲੀ ਨਾ ਮਿਲੀ ਤਾਂ ਉਨ੍ਹਾਂ ਦੀ ਮੱਕੀ, ਸੂਰਜਮੁਖੀ, ਗੰਨਾ, ਪਿਆਜ਼, ਦਾਲਾਂ ਤੇ ਚਾਰੇ ਆਦਿ ਦੀਆਂ ਫ਼ਸਲਾਂ ਗਰਮੀ ਕਾਰਨ ਸੁੱਕ ਜਾਣਗੀਆਂ।
ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਨਾਅਰੇਬਾਜ਼ੀ
ਨੂਰਪੁਰ ਬੇਦੀ (ਬਲਵਿੰਦਰ ਰੈਤ): ਇਲਾਕੇ ’ਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਦਾ ਬੁਰਾ ਹਾਲ ਹੈ। ਇਸ ਕਾਰਨ ਨੂਰਪੁਰ ਬੇਦੀ ਦੇ ਬਲਾਕ ਦੇ ਪਿੰਡ ਮਵਾ ਵਾਸੀਆਂ- ਬਲਾਕ ਸਮਿਤੀ ਮੈਂਬਰ ਪ੍ਰੀਤਮ ਸਿੰਘ ਮਵਾ, ਅਮਰੀਕ ਸਿੰਘ, ਤਿਲਕ ਰਾਜ, ਕਰਨੈਲ ਸਿੰਘ, ਲਵਪ੍ਰੀਤ ਸਿੰਘ, ਸਰਵਣ ਸਿੰਘ, ਅਰਸਦੀਪ ਸਿੰਘ, ਸਾਗਰ ਸੈਣੀ ਤੇ ਹੋਰ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਹੈ ਕਿ ਅਣਐਲਾਨੇ ਬਿਜਲੀ ਕੱਟਾਂ ਕਾਰਨ ਬਜ਼ੁਰਗ, ਬੱਚੇ ਤੇ ਮਹਿਲਾਵਾਂ ਪ੍ਰੇਸ਼ਾਨ ਹਨ। ਉਨ੍ਹਾਂ ਪਾਵਰਕੌਮ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।