ਕਰਮਜੀਤ ਸਿੰਘ ਚਿੱਲਾ
ਬਨੂੜ, 21 ਅਪਰੈਲ
ਬਨੂੜ ਦੀ ਮੰਡੀ ਅਤੇ ਜਲਾਲਪੁਰ ਤੇ ਖੇੜੀ ਗੁਰਨਾ ਦੇ ਖ਼ਰੀਦ ਕੇਂਦਰਾਂ ਵਿੱਚ ਮਾਰਕਫ਼ੈੱਡ ਅਤੇ ਵੇਅਰਹਾਊਸ ਏਜੰਸੀਆਂ ਦਾ ਬਾਰਦਾਨਾ ਪਹੁੰਚਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਦੋ ਦਿਨਾਂ ਤੋਂ ਵਿਕਰੀ ਦੀ ਉਡੀਕ ਕਰਦੀਆਂ ਕਣਕ ਦੀਆਂ ਸਮੁੱਚੀਆਂ ਢੇਰੀਆਂ ਦੀ ਅੱਜ ਇਨ੍ਹਾਂ ਏਜੰਸੀਆਂ ਨੇ ਭਰਾਈ ਕਰਾ ਦਿੱਤੀ। ਬੀਤੀ ਰਾਤ ਪਏ ਮੀਂਹ ਕਾਰਨ ਕਣਕ ਦੀ ਕਟਾਈ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਅੱਜ ਮੰਡੀਆਂ ਵਿੱਚ ਕਣਕ ਦੀ ਆਮਦ ਉੱਤੇ ਵੀ ਅਸਰ ਪਿਆ।
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਸੱਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਗੁਰਦੇਵ ਸਿੰਘ ਬਨੂੜ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ, ਮਨਦੀਪ ਸਿੰਘ ਬਿੱਲਾ ਬਨੂੜ ਨੇ ਬਨੂੜ ਦੀ ਮੰਡੀ ਵਿੱਚ ਆੜਤੀਆਂ ਦੇ ਕੰਡਿਆਂ ਦੀ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਕੰਡਿਆਂ ਦਾ ਵਜ਼ਨ ਠੀਕ ਮਿਲਿਆ। ਕਿਸਾਨ ਆਗੂਆਂ ਨੇ ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਬਾਰਦਾਨਾ ਪਹੁੰਚਣ ਉੱਤੇ ਤਸੱਲੀ ਪ੍ਰਗਟਾਈ।
ਕਿਸਾਨ ਆਗੂਆਂ ਨੇ ਖੇੜਾ ਗੱਜੂ ਮੰਡੀ ਦਾ ਵੀ ਦੌਰਾ ਕੀਤਾ ਅਤੇ ਉੱਥੇ ਕੱਲ੍ਹ ਦੀ ਬੰਦ ਪਈ ਕਣਕ ਦੀ ਖ਼ਰੀਦ ਨੂੰ ਖੁਦ ਬੋਲੀ ਲਗਵਾ ਕੇ ਆਰੰਭ ਕਰਵਾਇਆ।
ਬਨੂੜ ਮੰਡੀ ਵਿੱਚ ਸਾਰਾ ਕੁਝ ਦਰੁਸਤ: ਸਿਨਹਾ
ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦਾਅਵਾ ਕੀਤਾ ਕਿ ਬਨੂੜ ਮੰਡੀ ਵਿੱਚ ਸਾਰਾ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਮੰਡੀ ਵਿੱਚ ਕੋਈ ਵੀ ਕਣਕ ਦੀ ਢੇਰੀ ਵਿਕਰੀ ਲਈ ਨਹੀਂ ਬਚੀ ਹੈ। ਸਾਰੀ ਕਣਕ ਦੀ ਖਰੀਦ ਅਤੇ ਭਰਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਫ਼ਸੀਆਈ ਸਮੇਤ ਸਾਰੀਆਂ ਏਜੰਸੀਆਂ ਦੀ ਲਿਫ਼ਟਿੰਗ ਵੀ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਅਦਾਇਗੀ ਵੀ ਆਰੰਭ ਹੋ ਗਈ ਹੈ।