ਆਤਿਸ਼ ਗੁਪਤਾ
ਚੰਡੀਗੜ੍ਹ, 1 ਜੂਨ
ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਸਿਟੀ ਬਿਊਟੀਫੁੱਲ ਵਿੱਚ ਲੌਕਡਾਊਨ-5 ਦਾ ਗੇੜ 30 ਜੂਨ ਤੱਕ ਜਾਰੀ ਰਹੇਗਾ ਜਦੋਂਕਿ ਯੂਟੀ ਪ੍ਰਸ਼ਾਸਨ ਵੱਲੋਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਬਾਜ਼ਾਰ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਜਿੱਥੇ ਸ਼ਹਿਰ ਵਿਚਲੀਆਂ ਨਾਈ ਦੀਆਂ ਦੁਕਾਨਾਂ ਨੂੰ ਮੰਗਲਵਾਰ ਤੋਂ ਖੁੋਲ੍ਹਣ ਦੇ ਆਦੇਸ਼ ਦਿੱਤੇ ਹਨ, ਉੱਥੇ ਹੀ ਜਿੰਮ, ਸਪਾ, ਸਵਿਮਿੰਗ ਪੂਲ, ਬਿਊਟੀ ਪਾਰਲਰ ਅਗਲੇ ਆਦੇਸ਼ਾਂ ਤੱਕ ਬੰਦ ਰਹਿਣਗੇ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਕੋਵਿਡ-19 ਦੀ ਸਮੀਖਿਆ ਬੈਠਕ ਦੌਰਾਨ ਲਿਆ ਗਿਆ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਸੈਕਟਰ-46 ਦੀ ਰੇਹੜੀ ਮਾਰਕੀਟ, ਸੈਕਟਰ-22 ਡੀ, ਸ਼ਾਸਤਰੀ ਮਾਰਕੀਟ, ਸੈਕਟਰ-15 ਦੀ ਪਟੇਲ ਮਾਰਕੀਟ, ਸੈਕਟਰ-41, ਕ੍ਰਿਸ਼ਨਾ ਮਾਰਕੀਟ, ਸੈਕਟਰ-19, ਸਦਰ ਬਾਜ਼ਾਰ, ਪਾਲਿਕਾ ਬਾਜ਼ਾਰ, ਸੈਕਟਰ-18 ਗਾਂਧੀ ਮਾਰਕੀਟ, ਸੈਕਟਰ-27 ਜਨਤਾ ਮਾਰਕੀਟ ਨੂੰ ਔਡ/ਈਵਨ ਫਾਰਮੂਲੇ ਤਹਿਤ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਬਦਨੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ, ਸਿਰਫ਼ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ 14 ਦਿਨ ਖ਼ੁਦ ਦੀ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਯੂਟੀ ਪ੍ਰਸ਼ਾਸਨ ਨੇ ਯੂਟੀ ਦੇ ਦਫ਼ਤਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ 75 ਫੀਸਦ ਸਟਾਫ਼ ਨਾਲ ਖੋਲ੍ਹਣ ਦਾ ਐਲਾਨ ਕੀਤਾ ਹੈ ਜਦਕਿ 8 ਜੂਨ ਤੋਂ ਬਾਅਦ ਲੋੜ ਅਨੁਸਾਰ 100 ਫ਼ੀਸਦ ਸਟਾਫ਼ ਨੂੰ ਵੀ ਸੱਦਿਆ ਜਾ ਸਕਦਾ ਹੈ। ਆਮ ਲੋਕ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਸਵੇਰੇ 11 ਤੋਂ 12 ਵਜੇ ਦੇ ਵਿਚਕਾਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਣਗੇ।
ਪ੍ਰਸ਼ਾਸਨ ਨੇ ਕਿਹਾ ਕਿ 8 ਜੂਨ ਤੋਂ ਰੈਸਟੋਰੈਂਟ ਨੂੰ ਵੀ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸੈਕਟਰ-26 ਸਥਿਤ ਥੋਕ ਮਾਰਕੀਟ ਖੁੱਲ੍ਹੀ ਰਹੇਗੀ ਅਤੇ ਅਗਲੇ ਆਦੇਸ਼ਾਂ ਤੱਕ ਸੈਕਟਰ-17 ਬੱਸ ਅੱਡੇ ’ਤੇ ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਲੱਗਣਗੀਆਂ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਵਿਆਹ ’ਚ 50 ਤੇ ਸ਼ਰਧਾਂਜਲੀ ਸਮਾਗਮ ’ਚ 20 ਜਣੇ ਹੋ ਸਕਣਗੇ ਸ਼ਾਮਲ
ਯੂਟੀ ਪ੍ਰਸ਼ਾਸਨ ਵੱਲੋਂ ਲੌਕਡਾਊਨ-5 ਸਬੰਧੀ ਜਾਰੀ ਹਦਾਇਤਾਂ ਦੌਰਾਨ ਵਿਆਹ ਸਮਾਗਮ ਵਿੱਚ 50 ਅਤੇ ਸ਼ਰਧਾਂਜਲੀ ਸਮਾਗਮ ਵਿੱਚ 20 ਜਣਿਆਂ ਦੇ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਆਦੇਸ਼ 8 ਜੂਨ ਤੋਂ ਲਾਗੂ ਹੋਣਗੇ।
ਬਾਰਬਰ ਸ਼ੌਪ ’ਤੇ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਵਰਤਣ ਦੀ ਅਪੀਲ਼
ਯੂਟੀ ਪ੍ਰਸ਼ਾਸਨ ਨੇ ਨਾਈ ਦੀਆਂ ਦੁਕਾਨਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਸਾਵਧਾਨੀ ਵਰਤਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਾਈ ਦੀ ਦੁਕਾਨ ’ਤੇ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇਗੀ ਅਤੇ ਇਕ ਸਮੇਂ ਵਿੱਚ 1 ਜਾਂ 2 ਵਿਅਕਤੀ ਬੈਠ ਸਕਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਗਾਹਕਾਂ ਨੂੰ ਵੀ ਮਾਸਕ ਦੀ ਵਰਤੋਂ ਕਰਨ, ਆਨਲਾਈਨ ਬੈਂਕਿੰਗ ਦੀ ਵਰਤੋਂ ਕਰਨ ਅਤੇ ਸ਼ਰੀਰਕ ਦੂਰੀ ਬਣਾਏ ਰੱਖਣ ਦੇ ਆਦੇਸ਼ ਦਿੱਤੇ ਹਨ।
ਕਰਫਿਊ ਦੌਰਾਨ ਆਵਾਜਾਈ ਕਰਨ ਵਾਲੇ ’ਤੇ ਹੋਵੇਗੀ ਕਾਰਵਾਈ: ਪਰੀਦਾ
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਆਵਾਜਾਈ ’ਤੇ ਪਾਬੰਦੀ ਰਹੇਗੀ, ਜੇਕਰ ਕੋਈ ਕਰਫਿਊ ਦੌਰਾਨ ਵਾਹਨ ਚਲਾਊਂਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।