ਪੱਤਰ ਪ੍ਰੇਰਕ
ਬਨੂੜ, 13 ਦਸੰਬਰ
ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਉੱਤੇ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਨਗਰ ਕੌਂਸਲ ਚੋਣਾਂ ਹੋਣਗੀਆਂ। ਫ਼ਰਵਰੀ ਵਿੱਚ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਮਗਰੋਂ ਹੁਕਮਰਾਨ ਧਿਰ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਕਈ ਵਾਰਡਾਂ ਦਾ ਰੋਟੇਸ਼ਨ ਅਨੁਸਾਰ ਰਾਖਵਾਂਕਰਨ ਨਾ ਬਦਲਣ ਕਾਰਨ ਅੰਦਰੋ-ਅੰਦਰੀ ਕਾਂਗਰਸੀ ਔਖੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਅਤੇ ਤਿੰਨ ਵਾਰਡ ਐਸਸੀ ਮਹਿਲਾਵਾਂ ਲਈ ਅਤੇ ਚਾਰ, ਨੌਂ, ਗਿਆਰਾਂ ਵਾਰਡ ਐਸ ਸੀ ਵਰਗ ਲਈ ਰਾਖਵੇਂ ਹਨ। ਪੰਜ, ਸੱਤ, ਦਸ ਅਤੇ ਤੇਰਾਂ ਨੰਬਰ ਵਾਰਡ ਜਨਰਲ ਮਹਿਲਾਵਾਂ ਲਈ ਅਤੇ ਦੋ, ਛੇ, ਅੱਠ ਨੰਬਰ ਵਾਰਡ ਜਨਰਲ ਵਰਗ ਲਈ ਨਿਰਧਾਰਿਤ ਕੀਤੇ ਗਏ ਹਨ। ਸ਼ਹਿਰ ਦਾ ਵਾਰਡ ਨੰਬਰ 12 ਪਹਿਲਾਂ ਵੀ ਬੀਸੀ ਲਈ ਰਾਖਵਾਂ ਹੈ ਤੇ ਐਤਕੀਂ ਵੀ ਇਸ ਨੂੰ ਬੀਸੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ। ਦਸ ਨੰਬਰ ਵਾਰਡ ਪਹਿਲਾਂ ਵੀ ਮਹਿਲਾਵਾਂ ਲਈ ਰਾਖਵਾਂ ਸੀ ਤੇ ਰੋਟੇਸ਼ਨ ਅਨੁਸਾਰ ਐਤਕੀਂ ਇਸ ਵਿੱਚ ਤਬਦੀਲੀ ਹੋਣੀ ਚਾਹੀਦੀ ਸੀ
ਕੁਰਾਲੀ (ਪੱਤਰ ਪ੍ਰੇਰਕ): ਕੌਂਸਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਲੋਂ ਵੀ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਸ਼ਹਿਰ ਦੇ ਅਕਾਲੀ ਆਗੂਆਂ ਤੇ ਸਾਬਕਾ ਕੌਂਸਲਰਾਂ ਦੀ ਮੀਟਿੰਗ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਚਰਨਜੀਤ ਸਿੰਘ ਕਾਲੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਆਗੂਆਂ ਨੇ ਸ਼ਹਿਰ ਦੀ ਕੌਂਸਲ ‘ਤੇ ਲਗਾਤਾਰ ਤੀਜੀ ਵਾਰ ਅਕਾਲੀ ਦਲ ਦੇ ਕਾਬਜ਼ ਹੋਣ ਦਾ ਦਾਅਵਾ ਕਰਦਿਆਂ ‘ਹੈਟ੍ਰਿਕ’ ਮਾਰਨ ਦਾ ਦਾਅਵਾ ਕੀਤਾ। ਇੱਥੇ ਹੋਈ ਮੀਟਿੰਗ ਵਿੱਚ ਸ਼ਹਿਰ ਦੇ 17 ਵਾਰਡਾਂ ਦੀ ਸਿਆਸੀ ਸਮੀਖਿਆ ਕੀਤੀ ਗਈ ਅਤੇ ਪਾਰਟੀ ਵਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਨਾਂਵਾਂ ਸਬੰਧੀ ਸਰਸਰੀ ਚਰਚਾ ਕੀਤੀ ਗਈ। ਇਸੇ ਦੌਰਾਨ ਕਈ ਵਾਰਡਾਂ ਵਿੱਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੇ ਨਾਂਵਾਂ ਨੂੰ ਅੰਤਿਮ ਰੂਪ ਵੀ ਦਿੱਤਾ ਗਿਆ।