ਕਰਮਜੀਤ ਸਿੰਘ ਚਿੱਲਾ
ਬਨੂੜ, 4 ਅਗਸਤ
ਇੱਥੋਂ ਦੇ ਵਾਰਡ ਨੰਬਰ 13 ਦੇ ਜਨਤਕ ਚੌਕ ਨੂੰ ਕੁੱਝ ਵਿਅਕਤੀਆਂ ਵੱਲੋਂ ਆਪਣੀ ਥਾਂ ਦੱਸ ਕੇ ਕੀਤੀ ਗਈ ਉਸਾਰੀ ਦੇ ਵਿਵਾਦਗ੍ਰਸਤ ਮਾਮਲੇ ਸਬੰਧੀ ਮਾਲ ਵਿਭਾਗ ਹੁਣ ਦੁਬਾਰਾ ਸਬੰਧਤ ਥਾਂ ਦੀ ਮਿਣਤੀ ਕਰੇਗਾ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਵੱਲੋਂ ਸਬੰਧਤ ਚੌਕ ਨੂੰ ਨਗਰ ਕੌਂਸਲ ਦੀ ਮਲਕੀਅਤ ਦੱਸਦਿਆਂ ਥਾਂ ਦੀ ਦੁਬਾਰਾ ਮਿਣਤੀ ਕਰਨ ਅਤੇ ਚੌਕ ਦੀਆਂ ਇੰਟਰਲਾਕ ਟਾਈਲਾਂ ਪੁੱਟ ਕੇ ਦੀਵਾਰ ਦੀ ਉਸਾਰੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ ਗਿਆ ਹੈ।
ਅਦਾਲਤੀ ਨਿਰਦੇਸ਼ਾਂ ਅਧੀਨ ਇਸ ਥਾਂ ਦੀ ਮਾਲ ਵਿਭਾਗ ਵੱਲੋਂ ਪਹਿਲਾਂ 18 ਜੁਲਾਈ ਨੂੰ ਮਿਣਤੀ ਰੱਖੀ ਗਈ ਸੀ ਪਰ ਉਸ ਦਿਨ ਮਿਣਤੀ ਕੀਤੀ ਨਹੀਂ ਗਈ। ਮਾਲ ਵਿਭਾਗ ਵੱਲੋਂ ਪੁਲੀਸ ਸੁਰੱਖਿਆ ਅਧੀਨ 22 ਜੁਲਾਈ ਨੂੰ ਮਿਣਤੀ ਕੀਤੀ ਗਈ ਤਾਂ ਚੌਕ ਦਾ ਕਾਫ਼ੀ ਹਿੱਸਾ ਵੀ ਮਿਣਤੀ ਦੇ ਅਧੀਨ ਆ ਗਿਆ। ਨਗਰ ਕੌਂਸਲ ਨੇ 22 ਜੁਲਾਈ ਦੀ ਮਿਣਤੀ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਦਲੀਲ ਦਿੱਤੀ ਸੀ ਕਿ ਮਿਣਤੀ ਸਬੰਧੀ ਕੌਂਸਲ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਕੌਂਸਲ ਦੇ ਕਰਮਚਾਰੀਆਂ ਦੀ ਗੈਰਮੌਜੂਦਗੀ ਵਿੱਚ ਮਿਣਤੀ ਕੀਤੀ ਗਈ।
ਮਿਣਤੀ ਕਰਾਉਣ ਵਾਲੀ ਧਿਰ ਨੇ 29 ਜੁਲਾਈ ਨੂੰ ਸਬੰਧਤ ਚੌਕ ਦੀਆਂ ਇੰਟਰਲਾਕ ਟਾਈਲਾਂ ਪੁੱਟ ਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ, ਜਿਸ ਕਾਰਨ ਸ਼ਹਿਰ ਅਤੇ ਮੁਹੱਲਾ ਵਾਸੀ ਵਿਰੋਧ ਵਿੱਚ ਆ ਗਏ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕਈਂ ਕੌਂਸਲਰਾਂ ਆਰਟੀਆਈ ਕਾਰਕੁਨ ਸੈਂਟੀ ਥੱਮਣ ਨੇ ਮੌਕੇ ਉੱਤੇ ਪਹੁੰਚ ਕੇ ਵੀ ਉਸਾਰੀ ਦਾ ਵਿਰੋਧ ਕੀਤਾ। ਕੌਂਸਲ ਵੱਲੋਂ ਪੁਲੀਸ ਦੇ ਧਿਆਨ ਵਿੱਚ ਲਿਆਉਣ ਮਗਰੋਂ ਪੁਲੀਸ ਨੇ ਉਸਾਰੀ ਦਾ ਕੰਮ ਬੰਦ ਕਰਾ ਦਿੱਤਾ ਸੀ।
ਬਨੂੜ ਦੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਉਹੀਉ ਕਾਨੂੰਨਗੋ ਦੁਬਾਰਾ ਮਿਣਤੀ ਕਰੇਗਾ, ਜਿਸ ਨੇ ਪਹਿਲਾਂ ਮਿਣਤੀ ਕੀਤੀ ਸੀ। ਕਾਨੂੰਨਗੋ ਰਾਜਿੰਦਰ ਸਿੰਘ ਨੇ ਸੰਪਰਕ ਕਰਨ ਉੱਤੇ ਆਖਿਆ ਕਿ ਅਗਲੇ ਹਫ਼ਤੇ ਇਹ ਮਿਣਤੀ ਦੁਬਾਰਾ ਕੀਤੀ ਜਾਵੇਗੀ ਤੇ ਉਹ ਹੀ ਇਸ ਥਾਂ ਦੀ ਦੁਬਾਰਾ ਮਿਣਤੀ ਕਰਨਗੇ।
‘ਆਪ’ ਆਗੂ ਨੇ ਨਗਰ ਕੌਂਸਲ ਤੇ ਕਾਂਗਰਸ ਉੱਤੇ ਸਵਾਲ ਉਠਾਏ
ਚੌਕ ਵਿੱਚ ਹੋਈ ਉਸਾਰੀ ਉੱਤੇ ਸਿਆਸਤ ਵੀ ਭਖ ਗਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮਜੀਤ ਪਾਸੀ ਨੇ ਸਬੰਧਤ ਮਾਮਲੇ ਸਬੰਧੀ ਵੀਡੀਓ ਪੋਸਟ ਕਰਕੇ ਨਗਰ ਕੌਂਸਲ ਅਤੇ ਕਾਂਗਰਸ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਇਸ ਥਾਂ ਦੇ ਮਾਮਲੇ ਸਬੰਧੀ ਅਦਾਲਤ ਵਿੱਚ ਗੈਰਹਾਜ਼ਰ ਰਹਿ ਕੇ ਐਕਸ-ਪਾਰਟੀ ਬਣੀ ਤੇ ਚੰਗੀ ਤਰਾਂ ਪੈਰਵਾਈ ਨਹੀਂ ਕੀਤੀ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਨੇ ‘ਆਪ’ ਆਗੂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਕੌਂਸਲ ਦੇ ਈਓ ਜਗਜੀਤ ਸਿੰਘ ਸ਼ਾਹੀ ਨੇ ਨਗਰ ਕੌਂਸਲ ਦੇ ਐਕਸ-ਪਾਰਟੀ ਹੋਣ ਦੇ ਮਾਮਲੇ ਸਬੰਧੀ ਸਮੁੱਚੇ ਕੇਸ ਨੂੰ ਚੈੱਕ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਕੁੱਝ ਸਮਾਂ ਪਹਿਲਾਂ ਹੀ ਆਏ ਹਨ ਤੇ ਕੌਂਸਲ ਇਸ ਮਾਮਲੇ ਵਿੱਚ 2021 ਵਿੱਚ ਐਕਸ-ਪਾਰਟੀ ਹੋਈ ਸੀ। ਉਨ੍ਹਾਂ ਹੁਣ ਪੂਰੀ ਚਾਰਾਜੋਈ ਕਰਨ ਦੀ ਗੱਲ ਆਖੀ।