ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੁਲਾਈ
ਇੱਥੇ ਬੀਤੀ ਰਾਤ ਤੋਂ ਅੱਜ ਸਵੇਰ ਤੱਕ ਪਏ ਮੀਂਹ ਕਾਰਨ ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਇਕੱਠਾ ਹੋਇਆ ਪਾਣੀ ਪਿੰਡ ਤੰਗੌਰੀ ਵਿੱਚ ਸੜਕ ਉੱਤੇ ਭਰ ਗਿਆ। ਦੋ-ਦੋ ਫੁੱਟ ਤੱਕ ਭਰੇ ਪਾਣੀ ਨਾਲ ਆਵਾਜਾਈ ਪ੍ਰਭਾਵਿਤ ਹੋਈ। ਇਸ ਕਾਰਨ ਸੜਕ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਪਾਣੀ ਵਿੱਚ ਡੁੱਬਣ ਕਾਰਨ ਸੜਕ ਦਿਖਾਈ ਨਾ ਦੇਣ ਕਰ ਕੇ ਦੋ ਕਾਰਾਂ ਸੜਕ ਤੋਂ ਹੇਠਾਂ ਉਤਰ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਤੱਕ ਵੀ ਸੜਕ ਤੋਂ ਭਾਰੀ ਮਾਤਰਾ ਵਿੱਚ ਪਾਣੀ ਵਹਿ ਰਿਹਾ ਸੀ। ਦੋ ਪਹੀਆ ਵਾਹਨ ਚਾਲਕ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਪਿੰਡ ਤੰਗੌਰੀ ਨੇੜੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਖੇਤਾਂ ਦਾ ਪਾਣੀ ਆਉਂਦਾ ਹੈ। ਨਿਕਾਸੀ ਪੁਲੀਆਂ ਬੰਦ ਕੀਤੇ ਜਾਣ ਕਾਰਨ ਕਈ ਦਿਨ ਪਾਣੀ ਕੌਮੀ ਮਾਰਗ ’ਤੇ ਭਰਿਆ ਰਹਿੰਦਾ ਹੈ। ਬੀਤੇ ਦਿਨੀਂ ਮੁਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਖ਼ੁਦ ਮੌਕੇ ਉੱਤੇ ਪਹੁੰਚ ਕੇ ਇੱਥੋਂ ਆਰਜ਼ੀ ਡਰੇਨ ਪੁਟਵਾ ਦਿੱਤੀ ਸੀ ਅੱਜ ਮੁੜ ਸੜਕ ਪਾਣੀ ਵਿੱਚ ਡੁੱਬ ਗਈ। ਇਸ ਮੀਂਹ ਨਾਲ ਪਿੰਡ ਸਨੇਟਾ ਅਤੇ ਬਠਲਾਣਾ ਨੇੜੇ ਵੀ ਕੌਮੀ ਮਾਰਗ ’ਤੇ ਮੀਂਹ ਦਾ ਪਾਣੀ ਭਰ ਗਿਆ।
ਬਨੂੜ ਦੇ ਈਓ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਇਹ ਪਾਣੀ ਜ਼ਿਆਦਾ ਬਾਰਸ਼ ਕਾਰਨ ਆਇਆ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਡਰੇਨ ਵਿੱਚੋਂ ਪਾਣੀ ਨਿਕਲ ਰਿਹਾ ਹੈ ਅਤੇ ਭਲਕ ਤਕ ਕੌਮੀ ਮਾਰਗ ਉੱਤੋਂ ਪਾਣੀ ਦਾ ਨਿਕਾਸ ਹੋ ਜਾਵੇਗਾ।
ਮੋਰਿੰਡਾ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਪਏ ਭਾਰੀ ਮੀਂਹ ਕਾਰਨ ਸਾਰੇ ਪਾਸੇ ਜਲ-ਥਲ ਹੋ ਗਿਆ ਹੈ। ਕਈ ਥਾਈਂ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ। ਮੋਰਿੰਡਾ ਦੇ ਅੰਡਰਬ੍ਰਿਜ ਅਤੇ ਪੁਰਾਣੀ ਬਸੀ ਰੋਡ ’ਤੇ ਪਾਣੀ ਖੜ੍ਹਾ ਹੋਣ ਕਾਰਨ ਕਈ ਵਾਹਨ ਫਸ ਗਏ।
ਮੋਰਿੰਡਾ ਤੇ ਆਸ-ਪਾਸ ਦੇ ਇਲਾਕੇ ਵਿੱਚ ਬੀਤੀ ਰਾਤ ਤੋਂ ਭਾਰੀ ਬਰਸਾਤ ਹੋਈ। ਪਾਣੀ ਦਾ ਨਿਕਾਸ ਸਹੀ ਨਾ ਹੋਣ ਕਾਰਨ ਅੰਡਰਬ੍ਰਿਜ ਹੇਠਾਂ 2-3 ਫੁੱਟ ਪਾਣੀ ਜਮ੍ਹਾਂ ਹੋ ਗਿਆ। ਪੁਰਾਣੀ ਬਸੀ ਰੋਡ ’ਤੇ ਕਈ ਫੁੱਟ ਪਾਣੀ ਚੱਲ ਰਿਹਾ ਸੀ ਇਸ ਰੋਡ ’ਤੇ ਪੈਂਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ। ਰੇਲਵੇ ਅੰਡਰਬ੍ਰਿਜ ਹੇਠ ਨਗਰ ਕੌਂਸਲ ਵੱਲੋਂ ਪਾਣੀ ਕੱਢਣ ਲਈ ਲਗਾਏ ਪੰਪ ਨਾ ਚੱਲਣ ਕਾਰਨ ਸਮੱਸਿਆ ਵਧ ਗਈ।
ਇੱਥੋਂ ਦੇ ਚਮਕੌਰ ਸਾਹਿਬ ਚੌਕ ਤੋਂ ਬਿੱਟੂ ਡੇਅਰੀ ਚੌਕ ਤੱਕ ਸੀਵਰੇਜ ਲਈ ਪੁੱਟੀ ਗਈ ਸੜਕ ਵਿੱਚ ਕਈ ਵਾਹਨ ਫਸ ਗਏ। ਇਸ ਮਗਰੋਂ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਨੇ ਮਹਾਰਾਣਾ ਪ੍ਰਤਾਪ ਚੌਕ ਤੋਂ ਪੁਰਾਣੀ ਬਸੀ ਪਠਾਣਾਂ ਸੜਕ ਅਤੇ ਸ੍ਰੀ ਚਮਕੌਰ ਸਾਹਿਬ ਚੌਕ ਤੋਂ ਮਹਾਰਾਣਾ ਪ੍ਰਤਾਪ ਚੌਕ ਵਾਲੇ ਰਸਤੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤੇ। ਇਸੇ ਤਰ੍ਹਾਂ ਸਥਾਨਕ ਬੱਸ ਸਟੈਂਡ ਵਿਚ ਵੱਡੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਗਿਆ।
ਚਿੱਲਾ ਦੇ ਰਾਹ ’ਤੇ ਪਾਣੀ ਭਰਨ ਨਾਲ ਆਵਾਜਾਈ ਬੰਦ
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਇੱਥੋਂ ਦੇ ਸੈਕਟਰ 81 ਵਿੱਚ ਪੈਂਦੇ ਪਿੰਡ ਚਿੱਲਾ ਦੇ ਇੱਕੋ-ਇੱਕ ਰਾਹ ’ਤੇ ਕਈ ਫੁੱਟ ਮੀਂਹ ਦਾ ਪਾਣੀ ਭਰ ਗਿਆ। ਰੇਲਵੇ ਪੁਲ ਦੇ ਲਾਗੇ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਖੜ੍ਹਨ ਨਾਲ ਸ਼ਾਮ ਤੱਕ ਆਵਾਜਾਈ ਠੱਪ ਰਹੀ। ਭਾਰੇ ਵਾਹਨ ਲੰਘਦੇ ਰਹੇ ਪਰ ਪਾਣੀ ਨੇ ਦੋਪਹੀਆ ਵਾਹਨ ਚਾਲਕਾਂ ਦਾ ਰਾਹ ਬੰਦ ਕਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸੈਕਟਰ-81 ਵਿਚਲੀਆਂ ਕੇਂਦਰੀ ਸੰਸਥਾਵਾਂ ਆਇਸਰ ਅਤੇ ਨੈਨੋ ਵੱਲੋਂ ਬਰਸਾਤੀ ਪਾਣੀ ਦਾ ਨਿਕਾਸ ਏਅਰਪੋਰਟ ਰੋਡ ਉੱਤੇ ਸੁੱਟਣ ਦੀ ਥਾਂ ਪਿੰਡ ਚਿੱਲਾ ਦੀ ਸੜਕ ਦੀ ਸੁੱਟਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਾਣੀ ਦੋ-ਤਿੰਨ ਦਿਨ ਇੱਥੇ ਹੀ ਭਰਿਆ ਰਹਿੰਦਾ ਹੈ। ਹਰ ਮੀਂਹ ਤੋਂ ਬਾਅਦ ਅਜਿਹੇ ਹਾਲਾਤ ਬਣਦੇ ਹਨ। ਪਿੰਡ ਵਾਸੀਆਂ ਨੇ ਮੁਹਾਲੀ ਦੇ ਡੀਸੀ ਕੋਲੋਂ ਕੋਲੋਂ ਕੇਂਦਰੀ ਸੰਸਥਾਵਾਂ ਦਾ ਪਾਣੀ ਪਿੰਡ ਚਿੱਲਾ ਦੇ ਰਾਹ ’ਤੇ ਸੁੱਟਣ ਤੋਂ ਬੰਦ ਕਰਾਉਣ ਦੀ ਮੰਗ ਕਰਦਿਆਂ ਨਿਕਾਸੀ ਲਾਈਨ ਦਾ ਕੰਮ ਤੁਰੰਤ ਆਰੰਭ ਕਰਾਏ ਜਾਣ ਦੀ ਮੰਗ ਕੀਤੀ ਹੈ।
ਕੁਰਾਲੀ ਸ਼ਹਿਰ ਦਾ ਪਾਣੀ ਡੇਢ ਦਰਜਨ ਪਿੰਡਾਂ ਲਈ ਮੁਸੀਬਤ ਬਣਿਆ
ਰੂਪਨਗਰ (ਜਗਮੋਹਨ ਸਿੰਘ): ਕੁਰਾਲੀ ਦਾ ਬਰਸਾਤੀ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ’ਚ ਤਬਾਹੀ ਮਚਾ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਤੇ ਜਨਰਲ ਸਕੱਤਰ ਮਾਸਟਰ ਸੁਖਦੀਪ ਸਿੰਘ ਪਪਰਾਲੀ ਸਣੇ ਹੋਰ ਕਿਸਾਨਾਂ ਨੇ ਦੱਸਿਆ ਕਿ ਕੁਰਾਲੀ ਸ਼ਹਿਰ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਬਡਾਲੀ, ਪਪਰਾਲੀ, ਬਮਨਾੜਾ, ਸੋਤਲ, ਧਨੌਰੀ, ਰਸੂਲਪੁਰ, ਧਿਆਨਪੁਰਾ, ਕਾਈਨੌਰ ਸਣੇ ਡੇਢ ਦਰਜਨ ਪਿੰਡਾਂ ਦੀਆਂ ਫ਼ਸਲਾਂ ਖ਼ਰਾਬ ਕਰਦਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਚਾਰ ਦਿਨਾਂ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਿਸਾਨਾਂ ਵੱਲੋਂ ਬਾਈਪਾਸ ਨੇੜੇ ਆਪਣੇ ਪੱਧਰ ’ਤੇ ਬੰਨ੍ਹ ਮਾਰ ਕੇ ਕੁਰਾਲੀ ਸ਼ਹਿਰ ਦਾ ਪਾਣੀ ਰੋਕਿਆ ਜਾਵੇਗਾ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਸੁਝਾਅ ਦਿੱਤਾ ਕਿ ਕੁਰਾਲੀ ਸ਼ਹਿਰ ਪਾਸੇ ਬਾਈਪਾਸ ਦੇ ਨਾਲ ਦੋ ਕੁ ਕਿਲੋਮੀਟਰ ਲੰਬਾ ਬਰਸਾਤੀ ਨਾਲਾ ਪੁੱਟ ਕੇ ਸ਼ਹਿਰ ਦਾ ਪਾਣੀ ਬੰਨ੍ਹਮਾਜਰੀ ਨਦੀ ਵਿੱਚ ਸੁੱਟਿਆ ਜਾ ਸਕਦਾ ਹੈ। ਇਸ ਸਬੰਧੀ ਜਲ ਨਿਕਾਸ ਮੰਡਲ ਮੁਹਾਲੀ ਦੇ ਐਕਸੀਅਨ ਸਰਬਜੀਤ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਵੱਲੋਂ ਲਿਖਤੀ ਦਰਖ਼ਾਸਤ ਆਉਣ ਉਪਰੰਤ ਮਸਲੇ ਦੇ ਹੱਲ ਸਬੰਧੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਸਲੇ ਦੇ ਹੱਲ ਸਬੰਧੀ ਕਈ ਵਾਰ ਐਸਡੀਐਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਸਮੱਸਿਆ ਦਾ ਪੱਕਾ ਹੱਲ ਕਰਾਉਣ ਦਾ ਯਤਨ ਕਰਨਗੇ।
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ
ਬਨੂੜ: ਤਾਜ਼ਾ ਮੀਂਹ ਕਾਰਨ ਅੱਜ ਘੱਗਰ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਆਮ ਦਿਨਾਂ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਤੋਂ ਘੱਟ ਰਹਿੰਦਾ ਹੈ। ਅੱਜ ਸਵੇਰੇ ਨੌਂ ਵਜੇ ਤੋਂ ਪਾਣੀ ਵਧਣਾ ਆਰੰਭ ਹੋਇਆ। ਭਾਂਖਰਪੁਰ ਵਿੱਚ ਪਾਣੀ ਮਾਪਣ ਲਈ ਲਗਾਏ ਮੀਟਰਾਂ ਦੇ ਅਨੁਸਾਰ ਨੌਂ ਤੋਂ ਦੋ ਵਜੇ ਤੱਕ ਤਿੰਨ ਫੁੱਟ ਦੀ ਉਚਾਈ (4698 ਕਿਊਸਿਕ) ’ਤੇ ਪਾਣੀ ਵਹਿੰਦਾ ਰਿਹਾ। ਤਿੰਨ ਤੋਂ ਛੇ ਵਜੇ ਤੱਕ ਪਾਣੀ ਵਧ ਕੇ ਚਾਰ ਫੁੱਟ (7911 ਕਿਊਸਿਕ) ਦੇ ਪੱਧਰ ’ਤੇ ਪਹੁੰਚ ਗਿਆ। ਸ਼ਾਮ ਛੇ ਵਜੇ ਤੋਂ ਬਾਅਦ ਘੱਗਰ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ।