ਪੀਪੀ ਵਰਮਾ
ਪੰਚਕੂਲਾ, 6 ਸਤੰਬਰ
ਸਿੱਖ ਜਥੇਬੰਦੀ ਅਕਾਲ ਯੂਥ ਦੇ ਮੈਂਬਰਾਂ ਵੱਲੋਂ ਅੱਜ ਪੰਚਕੂਲਾ ਵਿੱਚ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ 12 ਸਤੰਬਰ ਨੂੰ ਹੋਣ ਵਾਲੇ ਐੱਚਸੀਐੱਸ ਦੇ ਇਮਤਿਹਾਨ ਵਿੱਚ ਸਿੱਖ ਭਾਈਚਾਰੇ ਦੇ ਪ੍ਰੀਖਿਆਰਥੀਆਂ ਲਈ ਕਕਾਰਾਂ ਸਣੇ ਪ੍ਰੀਖਿਆ ਭਵਨਾਂ ਵਿੱਚ ਦਾਖਲ ਨਾ ਹੋਣ ਦੇਣ ਦੇ ਦਿੱਤੇ ਗਏ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਜਿਸ ਮਗਰੋਂ ਕਮਿਸ਼ਨ ਦੇ ਅਧਿਕਾਰੀਆਂ ਨੇ ਇਸ ਮੰਗ ਨੂੰ ਮੰਨਦੇ ਹੋਏ ਸਿੱਖ ਪ੍ਰੀਖਿਆਰਥੀਆਂ ਲਈ ਕਕਾਰਾਂ ਸਣੇ ਪ੍ਰੀਖਿਆ ਭਵਨ ਵਿੱਚ ਜਾਣ ’ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ।
ਅਕਾਲ ਯੂਥ ਨਾਲ ਜੁੜੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਇਮਤਿਹਾਨ ਵੇਲੇ ਸਿੱਖ ਕਕਾਰਾਂ ਉੱਤੇ ਪਾਬੰਦੀ ਲਾਉਣ ਕਾਰਨ ਸਿੱਖ ਭਾਈਚਾਰੇ ਅੰਦਰ ਰੋਸ ਹੈ ਤੇ ਇਸ ਸਬੰਧੀ ਕਈ ਥਾਵਾਂ ’ਤੇ ਪੰਥਕ ਇਕੱਠ ਵੀ ਸ਼ੁਰੂ ਹੋ ਗਏ ਹਨ। ਅਕਾਲ ਯੂਥ ਦੇ ਆਗੂ ਭਾਈ ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਬਿੱਟੂ ਸਡਾਨਾ, ਗੁਰਬਿੰਦਰ ਸਿੰਘ, ਐਡਵੋਕੇਟ ਹਰਨੇਕ ਸਿੰਘ, ਨਰਿੰਦਰ ਸਿੰਘ, ਮਨਮੋਹਨ ਸਿੰਘ ਬਾਵਾ ਸਿੰਘ ਤੇ ਹੋਰਨਾਂ ਨੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਸਿੱਖ ਭਾਈਚਾਰੇ ’ਤੇ ਅਜਿਹੀਆਂ ਪਾਬੰਦੀਆਂ ਭਵਿੱਖ ਵਿੱਚ ਵੀ ਨਾ ਲਗਾਈਆਂ ਜਾਣ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿਸ ਮੰਗ ਲਈ ਅੱਜ ਸਿੱਖ ਜਥੇਬੰਦੀ ਦੇ ਮੈਂਬਰ ਉਨ੍ਹਾਂ ਕੋਲ ਆਏ ਸਨ, ਉਹ ਮੰਨ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਹੋਣ ਵਾਲੀ ਐੱਚਸੀਐੱਸ ਪ੍ਰੀਖਿਆ ਵਿੱਚ ਸਿੱਖ ਕਕਾਰਾਂ ਉੱਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਜਲਦੀ ਹੀ ਇਹ ਪਾਬੰਦੀ ਹਟਾਵੇਗੀ ਤੇ ਇਸ ਸਬੰਧੀ ਪ੍ਰੈੱਸ ਨੋਟ ਵੀ ਜਾਰੀ ਕੀਤਾ ਜਾਵੇਗਾ।