ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਗਸਤ
ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਕਾਰਨ ਹੁਣ ਸਿਗਰਟ ਦੀਆਂ ਡੱਬੀਆਂ ’ਤੇ ਪੌਲੀਥੀਨ ਦੇ ਰੈਪਰ ਦਿਖਾਈ ਨਹੀਂ ਦੇਣਗੇ ਅਤੇ ਮਠਿਆਈਆਂ ਦੇ ਡੱਬਿਆਂ ’ਤੇ ਵੀ ਪਲਾਸਟਿਕ ਦੀਆਂ ਸ਼ੀਟਾਂ ਨਹੀਂ ਚੜ੍ਹਾਈਆਂ ਜਾ ਸਕਣਗੀਆਂ। ਜ਼ਿਕਰਯੋਗ ਹੈ ਕਿ ਪੌਲੀਥੀਨ ਦੀਆਂ ਸ਼ੀਟ ’ਤੇ ਕੇਂਦਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਇਸੇ ਦੌਰਾਨ ਵੱਡੇ ਨਾਮਵਰ ਬ੍ਰਾਂਡ ਪਹਿਲਾਂ ਹੀ ਪੇਪਰ ਸ਼ੀਟਾਂ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਹਨ। ਇਸ ਦੇ ਨਾਲ ਹੀ ਜੋ ਵਸਤਾਂ ਜ਼ਰੂਰੀ ਵਰਤੋਂ ਵਿੱਚ ਆਉਣ ਵਾਲੀਆਂ ਹਨ ਅਤੇ ਜਿਨ੍ਹਾਂ ਦੀ ਪੈਕਿੰਗ ਬਾਰੇ ਫਿਲਹਾਲ ਬਾਜ਼ਾਰ ਵਿੱਚ ਕੋਈ ਵਿਕਲਪ ਨਹੀਂ ਹੈ, ਉਨ੍ਹਾਂ ’ਤੇ ਪਲਾਸਟਿਕ ਦੀ ਵਰਤੋਂ ਬਾਰੇ ਅਜੇ ਤੱਕ ਪਾਬੰਦੀ ਨਹੀਂ ਲਗਾਈ ਗਈ ਹੈ। ਪਾਣੀ ਦੀ ਬੋਤਲ ਇਨ੍ਹਾਂ ਵਿੱਚੋਂ ਇੱਕ ਉਦਾਰਣ ਹੈ। ਸਰਕਾਰ ਦੀ ਦਲੀਲ ਹੈ ਕਿ ਜੇਕਰ ਪਲਾਸਟਿਕ ਦੀ ਬੋਤਲ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਂਦੀ ਤਾਂ ਮਾਰਕੀਟ ਵਿੱਚ ਇਸ ਦਾ ਫਿਲਹਾਲ ਕੋਈ ਵਿਕਲਪ ਨਹੀਂ ਹੈ। ਦੇਸ਼ ਵਿੱਚ ਥਾਂ-ਥਾਂ ਸ਼ੁੱਧ ਪੀਣ ਵਾਲਾ ਪਾਣੀ ਪ੍ਰਾਪਤ ਕਰਨ ਲਈ ਲੋੜੀਂਦੇ ਸਾਧਨ ਵੀ ਉਪਲਬਧ ਨਹੀਂ ਹਨ। ਇਸ ਲਈ ਫਿਲਹਾਲ ਇਨ੍ਹਾਂ ਪਾਣੀ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ’ਤੇ ਪਾਬੰਦੀ ਨਹੀਂ ਲਗਾਈ ਗਈ ਹੈ।
ਇਸੇ ਦੌਰਾਨ ਹੋਰ ਕਿਹੜੀਆਂ ਵਸਤੂਆਂ ’ਤੇ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ ਅਤੇ ਇਸ ਵਿਚ ਕਿਹੜੀਆਂ ਹੋਰ ਵਸਤਾਂ ਜੋੜੀਆਂ ਜਾ ਸਕਦੀਆਂ ਹਨ, ਇਸ ਬਾਰੇ ਕੋਈ ਵੀ ਸੂਬਾ ਸਰਕਾਰ ਜਾਂ ਯੂਟੀ ਪ੍ਰਸ਼ਾਸਨ ਆਪਣੇ ਪੱਧਰ ’ਤੇ ਫੈਸਲਾ ਨਹੀਂ ਲੈ ਸਕਦਾ। ਆਦੇਸ਼ਾਂ ਵਿੱਚ ਇਕਸਾਰਤਾ ਨੂੰ ਕਾਇਮ ਰੱਖਣ ਲਈ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਖੁਦ ਲਿਆ ਜਾਵੇਗਾ। ਇਸ ਬਾਰੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ।