ਕਰਮਜੀਤ ਸਿੰਘ ਚਿੱਲਾ
ਬਨੂੜ, 9 ਸਤੰਬਰ
ਧੜੇਬਾਜ਼ੀ ਦਾ ਸ਼ਿਕਾਰ ਹੋਈ ਪਿੰਡ ਗੀਗੇਮਾਜਰਾ ਦੇ ਬਾਬਾ ਗੁਸਾਂਈਆਣਾ ਮੇਲੇ ਉੱਤੇ ਇਸ ਵਾਰ ਦੋ ਕੁਸ਼ਤੀ ਦੇ ਦੰਗਲ ਕਰਵਾਏ ਗਏ। ਇੱਕ ਦੰਗਲ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਇਲਾਕੇ ਦੇ ਸਮੁੱਚੇ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ। ਦੂਜੇ ਦੰਗਲ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੇਅਰ ਕੁਲਵੰਤ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਹਾਜ਼ਰੀ ਭਰੀ।
ਸਰਪੰਚ ਤਰਸੇਮ ਸਿੰਘ ਅਤੇ ਯੁੱਧਵੀਰ ਦੀ ਦੇਖ-ਰੇਖ ਹੇਠ ਹੋਏ ਦੰਗਲ ਵਿੱਚ ਇਕ-ਇਕ ਲੱਖ ਰੁਪਏ ਦੀ ਝੰਡੀ ਦੀਆਂ ਦੋ ਕੁਸ਼ਤੀਆਂ ਹੋਈਆਂ। ਪਰਮਿੰਦਰ ਡੂਮਛੇੜੀ ਤੇ ਕਰਮਾ ਪਟਿਆਲਾ ਵਿਚਾਲੇ ਹੋਈ ਕੁਸ਼ਤੀ ਵਿੱਚ ਪਰਮਿੰਦਰ ਡੂਮਛੇੜੀ ਨੇ ਬਾਜ਼ੀ ਮਾਰੀ। ਝੰਡੀ ਦੀ ਦੂਜੀ ਕੁਸ਼ਤੀ ਵਿੱਚ ਪ੍ਰਦੀਪ ਜ਼ੀਰਕਪੁਰ ਨੇ ਸਮਸ਼ੇਰ ਦੀਨਾਨਗਰ ਨੂੰ ਹਰਾਇਆ। ਇੱਕੀ ਹਜ਼ਾਰ ਦੀ ਤੀਜੀ ਝੰਡੀ ਦੀ ਕੁਸ਼ਤੀ ਵਿੱਚ ਅਮਨ ਬਠਿੰਡਾ ਨੇ ਰਾਜੂ ਖੰਨਾ ਨੂੰ ਚਿੱਤ ਕੀਤਾ। ਇਸ ਮੌਕੇ ਰਿੰਪਾ ਪਹਿਲਵਾਨ ਦਾ ਸਨਮਾਨ ਵੀ ਕੀਤਾ ਗਿਆ। ਸਿਹਤ ਮੰਤਰੀ ਸ੍ਰੀ ਸਿੱਧੂ ਨੇ ਛਿੰਝ ਕਮੇਟੀ ਨੂੰ 21 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਨ ਸਿੰਘ ਬਠਲਾਣਾ ਆਦਿ ਹਾਜ਼ਰ ਸਨ।
ਮੱਖਣ ਸਿੰਘ ਫੌਜੀ ਅਤੇ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ ਦੂਜੀ ਛਿੰਝ੍ਹ ਵਿੱਚ ਜੱਸਾ ਪੱਟੀ ਨੇ ਸੁੱਖ ਬੱਬੇਹਾਲੀ ਨੂੰ ਹਰਾ ਕੇ ਬੁਲੇਟ ਮੋਟਰਸਾਈਕਲ ਦੀ ਝੰਡੀ ਜਿੱਤੀ। ਗਿਆਰਾਂ ਹਜ਼ਾਰ ਦੀਆਂ ਦੋ ਹੋਰ ਕੁਸ਼ਤੀਆਂ ਵਿੱਚ ਗੋਲਡੀ ਗੀਗੇਮਾਜਰਾ ਨੇ ਹੈਪੀ ਚੰਡੀਗੜ੍ਹ ਅਤੇ ਦੀਪਾ ਗੀਗੇਮਾਜਰਾ ਨੇ ਅੰਕਿਤ ਹਰਿਆਣਾ ਨੂੰ ਹਰਾਇਆ। ਦੋਵੇਂ ਦੰਗਲਾਂ ਵਿੱਚ 100-100 ਤੋਂ ਵਧੇਰੇ ਕੁਸ਼ਤੀਆਂ ਹੋਈਆਂ। ਪ੍ਰੋ. ਚੰਦੂਮਾਜਰਾ ਨੇ ਜੇਤੂ ਭਲਵਾਨਾਂ ਨੂੰ ਇਨਾਮ ਵੰਡੇ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਮੇਟੀ ਨੂੰ 51 ਹਜ਼ਾਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਬੜ੍ਹੀ ਆਦਿ ਹਾਜ਼ਰ ਸਨ।