ਪੱਤਰ ਪ੍ਰੇਰਕ
ਬਨੂੜ, 23 ਨਵੰਬਰ
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਤੰਗੋਰੀ ਤੋਂ ਕੁਰੜਾ ਅਤੇ ਬਨੂੜ-ਲਾਂਡਰਾਂ ਮਾਰਗ ਤੋਂ ਮੋਟੇਮਾਜਰਾ ਸੜਕਾਂ ਨੂੰ ਦਸ ਤੋਂ ਅਠਾਰਾਂ ਫੁੱਟ ਚੌੜਾ ਕਰਨ ਦੇ ਨੀਂਹ-ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ, ਲੇਬਰਫੈੱਡ ਦੇ ਉੱਪ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ, ਪੰਚਾਇਤ ਸਮਿਤੀ ਖਰੜ ਦੇ ਉੱਪ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਦਵਿੰਦਰ ਸਿੰਘ ਸਰਪੰਚ ਕੁਰੜਾ ਅਤੇ ਜਸਵਿੰਦਰਕੌਰ ਸਰਪੰਚ ਮੋਟੇਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਵਸਨੀਕ ਤੇ ਮੋਹਤਬਰ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਦੱਸਿਆ ਕਿ 17 ਕਿਲੋਮੀਟਰ ਸੜਕਾਂ ਨੂੰ ਚੌੜਾ ਕਰਨ ’ਤੇ ਛੇ ਕਰੋੜ ਦੀ ਲਾਗਤ ਆਵੇਗੀ। ਇਸ ਮੌਕੇ ਉਨ੍ਹਾਂ ਨਵੀਆਂ ਬਣਨ ਵਾਲੀਆਂ ਸੜਕਾਂ ਮੋਟੇਮਾਜਰਾ ਤੋਂ ਕਲੌਲੀ, ਕੁਰੜਾ ਤੋਂ ਲਾਲਾਂ ਵਾਲਾ ਪੀਰ, ਮੋਟੇਮਾਜਰਾ ਤੋਂ ਬਨੂੜ ਸੜਕਾਂ ਦੀ ਉਸਾਰੀ ਦੇ ਕੰਮ ਵੀ ਆਰੰਭ ਕਰਾਏ। ਇਸ ਮੌਕੇ ਬੀਡੀਪੀਓ ਮੁਹਾਲੀ ਹਿਤੇਨ ਕਪਿਲਾ, ਐਕਸ਼ੀਅਨ ਮਹੇਸ਼ਵਰ ਸ਼ਾਰਦਾ, ਐਸਡੀਓ ਕਰਨੈਲ ਸਿੰਘ ਆਦਿ ਵੀ ਮੌਜੂਦ ਸਨ।
ਮੇਅਰ ਜੀਤੀ ਸਿੱਧੂ ਨੇ ਸਲਿੱਪ ਸੜਕ ਦਾ ਕੰਮ ਸ਼ੁਰੂ ਕਰਵਾਇਆ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ਵਿੱਚ ਆਵਾਜਾਈ ਨੂੰ ਸੌਖਾ ਬਣਾਉਣ ਲਈ ਲੋੜ ਅਨੁਸਾਰ ਛੇ ਥਾਵਾਂ ’ਤੇ ਸਲਿੱਪ ਸੜਕਾਂ ਬਣਾਈਆਂ ਜਾ ਰਹੀਆਂ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇਨ੍ਹਾਂ ਸਲਿੱਪ ਸੜਕਾਂ ਦੇ ਨਿਰਮਾਣ ਦਾ ਰਸਮੀ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਇੱਥੋਂ ਦੇ ਸੈਕਟਰ-71 ਸਥਿਤ ਆਈਵੀਵਾਈ ਹਸਪਤਾਲ ਨੇੜੇ ਟੀ-ਪੁਆਇੰਟ, ਫੇਜ਼-5, ਪੁਰਾਣਾ ਅਮਰਟੈਕਸ ਚੌਕ, ਸਨਅਤੀ ਖੇਤਰ ਵਿੱਚ ਛੇ ਸਲਿੱਪ ਸੜਕਾਂ ਬਣਾਈਆਂ ਜਾਣਗੀਆਂ। ਦੂਜੇ ਪੜਾਅ ਵਿੱਚ ਜਿੱਥੇ ਲੋੜ ਪਵੇਗੀ ਉੱਥੇ ਸਲਿੱਪ ਸੜਕਾਂ ਬਣਾਈਆਂ ਜਾਣਗੀਆਂ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ।