ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਯੂਟੀ ’ਚ ਨਵਾਂ ਪ੍ਰਸ਼ਾਸਕ ਲਾਉਣ ਸਬੰਧੀ ਕਈ ਨਾਵਾਂ ’ਤੇ ਚਰਚਾ ਛਿੜੀ ਹੋਈ ਹੈ ਪਰ ਅਜੇ ਤੱਕ ਨਵੇਂ ਨਾਮ ਦਾ ਅਧਿਕਾਰਤ ਤੌਰ ’ਤੇ ਕੋਈ ਐਲਾਨ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਦੇ ਅਹੁਦੇ ਲਈ ਅਜੇ ਤਾਈਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਕੋਲ ਲਿਖਤੀ ਤੌਰ ’ਤੇ ਕੁਝ ਨਹੀਂ ਆਉਂਦਾ, ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਦੇ ਕਾਰਜਕਾਲ ਵਿੱਚ ਆਖਰੀ ਸਮੇਂ ’ਤੇ ਵਾਧਾ ਹੁੰਦਾ ਰਿਹਾ ਹੈ। ੳੱਧਰ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਕਈ ਆਗੂਆਂ ਵੱਲੋਂ ਪੰਜਾਬ ਦੇ ਰਾਜਪਾਲ ਦੇ ਅਹੁਦੇ ਨੂੰ ਯੂਟੀ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਵੱਖ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਇਸ ਗੱਲ ਦਾ ਸਾਲ 2016 ਵਿੱਚ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਰੋਧ ਕੀਤਾ ਸੀ ਤੇ ਉਹ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਇਸ ਫ਼ੈਸਲੇ ’ਤੇ ਰੋਕ ਲਗਵਾਉਣ ਵਿੱਚ ਸਫ਼ਲ ਰਹੇ ਸਨ।