ਕੁਲਦੀਪ ਸਿੰਘ
ਚੰਡੀਗੜ੍ਹ, 29 ਜਨਵਰੀ
ਇਥੋਂ ਦੇ ਮਿਲਖ ਦਫ਼ਤਰ ਦੀ ਦੂਸਰੀ ਮੰਜ਼ਿਲ ਤੋਂ ਫਾਈਲਾਂ ਚੋਰੀ ਕਰਕੇ ਸਾੜਨ ਦੇ ਮਾਮਲੇ ਨੂੰ ਯੂਟੀ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਡੀਜੀਪੀ ਸੰਜੇ ਬੈਨੀਵਾਲ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੈਜਿਸਟ੍ਰੇਟ ਜਾਂਚ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਬਦਨੌਰ ਅੱਜ ਯੂ.ਟੀ. ਸਕੱਤਰੇਤ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਲਖ਼ ਦਫ਼ਤਰ ਦੀਆਂ ਫਾਈਲਾਂ ਸਾੜਨ ਦੇ ਮਾਮਲੇ ਵਿੱਚ ਪੁਲੀਸ ਨੂੰ ਚੌਕੀਦਾਰ ਦੀ ਕਿਸੇ ਪ੍ਰਾਪਰਟੀ ਡੀਲਰ ਨਾਲ ਮਿਲੀਭੁਗਤ ਹੋਣ ਦੀ ਸ਼ੰਕਾ ਹੈ। ਦਫ਼ਤਰ ਵਿੱਚੋਂ ਫਾਈਲਾਂ ਚੋਰੀ ਹੋਣ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਇਸ ਉਪਰੰਤ ਪੁਲੀਸ ਨੇ ਚੌਕੀਦਾਰ ਪੰਕਜ ਦੀ ਰਾਜਪੁਰਾ ਸਥਿਤ ਰਿਹਾਇਸ਼ ਉੱਤੇ ਛਾਪੇ ਵੀ ਮਾਰੇ ਸਨ ਪਰ ਕੋਈ ਠੋਸ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ। ਪੁਲੀਸ ਚੌਕੀਦਾਰ ਦੀ ਕਾਲ ਡਿਟੇਲਾਂ ਵੀ ਕਢਵਾ ਰਹੀ ਹੈ ਤਾਂ ਕਿ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ। ਹੁਣ ਮਿਲਖ ਦਫ਼ਤਰ ਦੀ ਅੰਦਰੂਨੀ ਜਾਂਚ ਅਤੇ ਪੁਲੀਸ ਦੀ ਕਾਰਗੁਜ਼ਾਰੀ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਿੰਸੀਪਲ ਸਕੱਤਰ (ਹੋਮ) ਅਰੁਣ ਕੁਮਾਰ ਗੁਪਤਾ, ਡੀਜੀਪੀ ਸੰਜੇ ਬੈਨੀਵਾਲ, ਕਮਿਸ਼ਨਰ (ਨਗਰ ਨਿਗਮ) ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਹਾਜ਼ਰ ਸਨ।
ਕੋਵਿਡ-19: ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਹੋਣਗੇ ਲਾਗੂ
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕੋਵਿਡ-19 ਦੀ ਰੋਕਥਾਮ ਲਈ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਯੂਟੀ ਚੰਡੀਗੜ੍ਹ ਵਿੱਚ ਲਾਗੂ ਹੋਣਗੇ ਪਰ ਸਮਾਜਿਕ ਸਮਾਗਮਾਂ ਵਿਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਬਾਰੇ ਕੋਈ ਸੀਮਾ ਨਹੀਂ ਹੋਵੇਗੀ। ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਗਮਾਂ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
11 ਫ਼ਰਵਰੀ ਤੋਂ ਖੁੱਲਣਗੇ ਯੂਟੀ ਦੇ ਕਾਲਜ : ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਯੂਟੀ ਦੇ ਕਾਲਜ 11 ਫਰਵਰੀ ਤੋਂ ਮੁੜ ਖੁੱਲ੍ਹਣਗੇ। ਇਸੇ ਦੌਰਾਨ ਆਨਲਾਈਨ ਅਤੇ ਆਫਲਾਈਨ ਸਿੱਖਿਆ ਜਾਰੀ ਰਹੇਗੀ। ਇਸੇ ਤਰ੍ਹਾਂ ਸਕੂਲ ਵੀ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਲਈ ਪਹਿਲੀ ਫਰਵਰੀ ਤੋਂ ਮੁੜ ਖੁੱਲ੍ਹਣਗੇ।