ਪੱਤਰ ਪ੍ਰੇਰਕ
ਮੋਰਿੰਡਾ, 31 ਅਗਸਤ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਡਰਾਈਵਰਾਂ ਵੱਲੋਂ ਸਵੇਰੇ ਮੋਰਿੰਡਾ ਦੇ ਬੱਸ ਅੱਡੇ ਵਿੱਚ ਲਿਆਉਣ ਦੀ ਥਾਂ ਬਾਹਰੋਂ ਬਾਹਰ ਮੋਰਿੰਡਾ ਬਾਈਪਾਸ ਰਾਹੀਂ ਚੰਡੀਗੜ੍ਹ ਲੈ ਜਾਣ ਕਾਰਨ, ਇਸ ਬੱਸ ਅੱਡੇ ’ਤੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਨਿੱਜੀ ਬੱਸਾਂ, ਥ੍ਰੀ ਵੀਲਰਾਂ ਰਾਹੀਂ ਮਹਿੰਗਾ ਸਫਰ ਕਰਨਾ ਪੈਂਦਾ ਹੈ। ਮੋਰਿੰਡਾ ਤੇ ਆਸ ਪਾਸ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਵਿਦਿਆਰਥੀਆਂ, ਕਰਮਚਾਰੀ ਤੇ ਆਮ ਲੋਕਾਂ ਨੂੰ ਖਰੜ, ਮੁਹਾਲੀ ਅਤੇ ਚੰਡੀਗੜ੍ਹ ਆਪੋ ਆਪਣੇ ਸਕੂਲਾਂ-ਕਾਲਜਾਂ ਤੇ ਡਿਊਟੀਆਂ ’ਤੇ ਜਾਣ ਲਈ ਖੱਜਲ ਹੋਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਬੱਸਾਂ ਅੱਡੇ ਵਿੱਚ ਲਿਆਉਣ ਦੀ ਥਾਂ ਮੋਰਿੰਡਾ ਦੇ ਬਾਹਰਵਾਰ ਬਣੇ ਬਾਈਪਾਸ ਰਾਹੀਂ ਹੀ ਚੰਡੀਗੜ੍ਹ ਲੰਘ ਜਾਂਦੇ ਹਨ। ਇਸ ਕਾਰਨ ਮੋਰਿੰਡਾ ਬੱਸ ਅੱਡੇ ’ਤੇ ਇਨ੍ਹਾਂ ਬੱਸਾਂ ਨੂੰ ਉਡੀਕਦੀਆਂ ਆਮ ਸਵਾਰੀਆਂ, ਵਿਦਿਆਰਥੀ ਅਤੇ ਕਰਮਚਾਰੀ ਇੱਥੇ ਰੁਲਦੇ ਰਹਿੰਦੇ ਹਨ। ਇਸ ਸਬੰਧੀ ਪੰਜਾਬ ਰੋਡਵੇਜ਼ ਚੰਡੀਗੜ੍ਹ ਡਿੱਪੂ ਦੇ ਜਨਰਲ ਮੈਨੇਜਰ ਸ੍ਰੀ ਕਲੇਰ ਨੇ ਕਿਹਾ ਕਿ ਉਹ ਪੰਜਾਬ ਰੋਡਵੇਜ਼ ਦੀ ਹਰ ਬੱਸ ਦੇ ਮੋਰਿੰਡਾ ਅੱਡੇ ਵਿਚ ਜਾਣ ਸਬੰਧੀ ਜਲਦੀ ਹੁਕਮ ਜਾਰੀ ਕਰਨਗੇ।