ਸਰਬਜੀਤ ਸਿੰਘ ਭੱਟੀ
ਲਾਲੜੂ, 30 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਆਵਾਜਾਈ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਲਾਲੜੂ ਕਸਬੇ ਵਿੱਚ ਲੋਕਾਂ ਨੂੰ ਸਾਰਾ ਦਿਨ ਜਾਮ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਨਾਲ ਬਣੀਆਂ ਸਹਾਇਕ ਸੜਕਾਂ ’ਤੇ ਪਾਰਕਿੰਗ ਕੀਤੇ ਵਾਹਨ ਜ਼ਿਆਦਾਤਰ ਜਾਮ ਦਾ ਕਾਰਨ ਬਣ ਰਹੇ ਹਨ। ਜਾਣਕਾਰੀ ਮੁਤਾਬਿਕ ਓਵਰ ਬਰਿੱਜ ਦੇ ਦੋਵੇਂ ਪਾਸੇ ਬਣੀ ਸਰਵਿਸ ਰੋਡ ਇਸ ਵੇਲੇ ਵਾਹਨਾਂ ਦੀ ਪਾਰਕਿੰਗ ਬਣੀ ਹੋਈ ਹੈ। ਖ਼ਰੀਦਦਾਰੀ ਕਰਨ ਆਏ ਲੋਕ ਆਪਣੇ ਵਾਹਨ ਸਰਵਿਸ ਸੜਕਾਂ ’ਤੇ ਖੜ੍ਹੇ ਕਰਕੇ ਬਾਜ਼ਾਰ ਚਲੇ ਜਾਂਦੇ ਹਨ। ਸੜਕ ਕੰਢੇ ਖੜ੍ਹੇ ਥ੍ਰੀ-ਵ੍ਹੀਲਰ ਤੇ ਮਿਨੀ ਬੱਸਾਂ ਜਾਮ ਵਿੱਚ ਵਾਧਾ ਕਰ ਰਹੀਆਂ ਹਨ। ਸਹਾਇਕ ਸੜਕਾਂ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਉਲਟ ਦਿਸ਼ਾ ਵੱਲ ਜਾਣਾ ਪੈਂਦਾ ਹੈ। ਲਾਲੜੂ ਮੰਡੀ ਵਿੱਚ ਓਵਰ ਬਰਿੱਜ ’ਤੇ ਇੱਕ ਹੀ ਲਾਂਘਾ ਹੋਣ ਕਾਰਨ ਸਾਰੀ ਟਰੈਫਿਕ ਉਥੋਂ ਹੀ ਲੰਘਦੀ ਹੈ। ਟਰੈਫਿਕ ਇੰਚਾਰਜ ਲਾਲੜੂ ਤੇਜਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਸਮੱਸਿਆ ਆ ਰਹੀ ਹੈ, ਪਰ ਸਵੇਰ ਤੋਂ ਅੰਡਰ ਬਰਿਜ ਨੇੜੇ ਟਰੈਫਿਕ ਪੁਲੀਸ ਤਾਇਨਾਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।