ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 13 ਜੂਨ
ਪੰਜਾਬ ਤੇ ਚੰਡੀਗੜ੍ਹ ਦੀ ਹੱਦ ਉੱਤੇ ਬਣੇ ਮੁੱਲਾਂਪੁਰ ਗਰੀਬਦਾਸ ਚੌਕ ਤੋਂ ਸ਼ੁਰੂ ਹੋ ਕੇ ਅੱਗੇ ਪਿੰਡ ਮਾਜਰਾ ਸਿਸਵਾਂ ਟੀ ਪੁਆਇੰਟ ਤੱਕ ਬਣਾਈ ਗਈ ਛੇ ਮਾਰਗੀ ਸੜਕ ਉੱਤੇ ਬਣੇ ਫਲਾਈਓਵਰਾਂ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਪ੍ਰੇਸ਼ਾਨ ਹਨ। ਗਿਆਨੀ ਕੁਲਦੀਪ ਸਿੰਘ ਹੁਸ਼ਿਆਰਪੁਰ, ਤੇਜੀ ਬਾਜਵਾ ਪੜੌਲ, ਕੁਲਵੰਤ ਸਿੰਘ ਡਰਾਈਵਰ ਪੜੌਲ, ਰੂਪਚੰਦ ਸਿਸੋਦੀਆ, ਸੁਰਜੀਤ ਸਿੰਘ ਮਾਦੜਾ ਤੇ ਬਹਾਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਫਲਾਈਓਵਰਾਂ ਉੱਤੇ ਸੜਕ ਨੂੰ ਨਵਾਂ ਰੂਪ ਦੇਣ ਲਈ ਪਿਛਲੇ ਕਈ ਮਹੀਨਿਆਂ ਤੋਂ ਮੱਠੀ ਰਫ਼ਤਾਰ ’ਚ ਚੱਲਦੇ ਕੰਮ ਕਾਰਨ ਸੜਕ ਉੱਤੇ ਚੱਲਦੀ ਤੇਜ਼ ਅਤੇ ਗਲਤ ਸਾਈਡ ਆਵਾਜਾਈ ਕਾਰਨ ਹਾਦਸੇ ਵਾਪਰ ਰਹੇ ਹਨ। ਏਅਰਫੋਰਸ ਸਟੇਸ਼ਨ ਮੁੱਲਾਂਪੁਰ ਗਰੀਬਦਾਸ ਦੇ ਸਾਹਮਣੇ ਪੈਂਦੇ ਚੁਰਸਤੇ ਕੋਲ ਅਤੇ ਪਿੰਡ ਹੁਸ਼ਿਆਰਪੁਰ ਤੇ ਪਿੰਡ ਪੜੌਲ ਦੇ ਮੋੜ ਕੋਲ ਅੱਜ ਤੱਕ ਕੋਈ ਲਾਈਟ ਪੁਆਇੰਟ ਹੀ ਨਹੀਂ ਲਗਾਇਆ ਗਿਆ। ਦੂਜੇ ਪਾਸੇ ਨਿਊ ਚੰਡੀਗੜ੍ਹ ਦੇ ਸਥਾਨਕ ਮੁੱਖ ਪ੍ਰਬੰਧਕ ਅੰਕੁਰ ਬਖਸ਼ੀ ਨੇ ਕਿਹਾ ਕਿ ਸੜਕਾਂ ਦਾ ਕੰਮ ਗਮਾਡਾ ਕਰਵਾ ਰਿਹਾ ਹੈ। ਗਮਾਡਾ ਦੇ ਠੇਕੇਦਾਰ ਨੇ ਕਿਹਾ ਕਿ ਫਲਾਈਓਵਰਾਂ ਉੱਤੇ ਕਿੰਨਾ ਪ੍ਰੀਮਿਕਸ ਪਾਉਣਾ ਹੈ, ਮਾਹਰਾਂ ਦੀ ਰਾਇ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਲਾਈਓਵਰਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਹੀ ਕਰਵਾਇਆ ਜਾਵੇਗਾ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਉਸਰ ਰਹੇ ਨਵੇਂ ਸ਼ਹਿਰ ਨਾਲ ਜੁੜਦੀਆਂ ਕਰੀਬ ਸਾਰੀਆਂ ਖਸਤਾਹਾਲ ਸੜਕਾਂ ਨੂੰ ਪਹਿਲ ਦੇ ਆਧਾਰ ਉੱਤੇ ਠੀਕ ਕਰਵਾਇਆ ਜਾਵੇ।