ਪੱਤਰ ਪ੍ਰੇਰਕ
ਬਨੂੜ, 19 ਨਵੰਬਰ
ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਦਿਹਾੜਾ ਬਨੂੜ ਖੇਤਰ ਵਿੱਚ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਅਤੇ ਪਿੰਡਾਂ ਦੇ ਸਮੁੱਚੇ ਗੁਰਦੁਆਰਿਆਂ ਵਿੱਚ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਾਇਆ ਗਿਆ। ਰਾਗੀ-ਢਾਡੀ ਜਥਿਆਂ ਨੇ ਵਾਰਾਂ ਸੁਣਾਈਆਂ। ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਬਾਬਾ ਗੁਰਦੇਵ ਸਿੰਘ ਅਤੇ ਸਿੰਘ ਸ਼ਹੀਦਾਂ ਵਿਖੇ ਬਾਬਾ ਦਿਲਬਾਗ ਸਿੰਘ ਬਾਗਾ ਦੀ ਅਗਵਾਈ ਹੇਠ ਭਾਰੀ ਧਾਰਮਿਕ ਦੀਵਾਨ ਸਜੇ, ਜਿਨ੍ਹਾਂ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਨਸਰਾਲੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤੀ ਨਗਰ ਅਤੇ ਹੋਰ ਨਗਰਾਂ ਵਿਚ ਕਰਵਾਏ ਗਏ ਸਮਾਗਮਾਂ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਾਮਲ ਹੋ ਕੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਲਕਸ਼ਿਆ ਐਜੂਕੈਸ਼ਨਲ ਫਾਰ ਸਪੈਸ਼ਲੀ ਏਬਲਡ ਚਿਲਡਨ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਐੱਸ.ਵੀ.ਐੱਮ. ਖਮਾਣੋਂ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਪ੍ਰਾਥਨਾ ਸਭਾ ਵਿੱਚ ਅਖੰਡ ਪਾਠ ਮਗਰੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰਸ਼ਾਦ ਵੀ ਵੰਡਿਆ। ਕੋਆਰਡੀਨੇਟਰ ਸੁਦਰਸ਼ਨ ਕੌਰ ਦੁਆਰਾ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਤਿੰਨ ਉਪਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਬਾਰੇ ਪ੍ਰੇਰਿਆ।
ਕੁਰਾਲੀ (ਪੱਤਰ ਪ੍ਰੇਰਕ): ਅੱਜ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸਵਰਨ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਦੇ ਪਹਿਲੇ ਚਰਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨ ਵਿੱਚ ਰਾਗੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਅੱਜ ਨਿਊ ਚੰਡੀਗੜ੍ਹ ਅਤੇ ਨਵਾਂ ਗਾਉਂ ਇਲਾਕੇ ਦੇ ਕਈ ਪਿੰਡਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਮੁੱਲਾਂਪੁਰ ਗਰੀਬਦਾਸ ਵਿੱਚ ਢਾਡੀ ਸੁੰਮਨ ਭਰਾਵਾਂ ਦੇ ਜਥੇ ਨੇ ਵਾਰਾਂ ਸੁਣਾਈਆਂ। ਪਿੰਡ ਪਲਹੇੜੀ ਵਿੱਚ ਹੋਏ ਧਾਰਮਿਕ ਸਮਾਗਮ ਦੌਰਾਨ ਸੰਨਟੈਕ ਕੰਪਨੀ ਦੇ ਡਾਇਰੈਕਟਰ ਅਜੈ ਸਹਿਗਲ ਨੇ ਗੁਰੂ ਘਰ ਲਈ ਚਾਰ ਏਅਰ ਕੰਡੀਸ਼ਨ ਲਗਵਾਉਣ ਸਮੇਤ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ।