ਕਰਮਜੀਤ ਸਿੰਘ ਚਿੱਲਾ
ਬਨੂੜ, 7 ਸਤੰਬਰ
ਤੇਪਲਾ-ਬਨੂੜ ਤੋਂ ਲਾਂਡਰਾਂ-ਖਰੜ ਨੂੰ ਜਾਣ ਵਾਲੇ ਕੌਮੀ ਮਾਰਗ ਉੱਤੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੜਕ ਕਿਨਾਰੇ ਲੱਗੇ ਹੋਏ ਪੁਰਾਣੇ ਬੋਰਡਾਂ ਤੱਕ ਹੀ ਸੀਮਤ ਰਹਿ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਦੇ ਰਿਕਾਰਡ ਵਿੱਚ ਇਸ ਮਾਰਗ ਦਾ ਨਾਮ ਹੁਣ ਨੈਸ਼ਨਲ ਹਾਈਵੇਅ 205-ਏ ਮੌਜੂਦ ਹੈ।
ਪੰਜਾਬ ਸਰਕਾਰ ਵੱਲੋਂ ਲੰਮਾ ਸਮਾਂ ਪਹਿਲਾਂ ਇਸ ਮਾਰਗ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਗਿਆ ਸੀ। ਪਹਿਲਾਂ ਇਹ ਮਾਰਗ ਲੋਕ ਨਿਰਮਾਣ ਵਿਭਾਗ ਅਧੀਨ ਸੀ। ਕੁੱਝ ਵਰ੍ਹੇ ਪਹਿਲਾਂ ਇਸ ਸੜਕ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਆਪਣੇ ਅਧੀਨ ਲੈ ਲਿਆ ਤੇ ਉਦੋਂ ਤੋਂ ਹੀ ਇਸ ਮਾਰਗ ਦੇ ਨਾਮ ਨਾਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਨਹੀਂ ਜੋੜਿਆ ਗਿਆ। ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਕੁੱਝ ਮਹੀਨੇ ਪਹਿਲਾਂ ਤੇਪਲਾ ਤੋਂ ਖਰੜ ਤੱਕ ਦੀ ਇਸ 39.5 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਲਈ ਸਵਾ 23 ਕਰੋੜ ਦੀ ਰਾਸ਼ੀ ਵਾਲੇ ਕੰਮ ਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਾਏ ਟੈਂਡਰਾਂ ਵਿੱਚ ਵੀ ਇਸ ਮਾਰਗ ਨੂੰ ਸਿਰਫ਼ ਐਨਐਚ 205-ਏ ਦਰਸਾਇਆ ਗਿਆ। ਇਸ ਮਾਰਗ ਦੀ ਮੁਰੰਮਤ ਦਾ ਜ਼ਿਆਦਾਤਰ ਕੰਮ ਮੁਕੰਮਲ ਵੀ ਹੋ ਚੁੱਕਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਨਿਰਮੈਲ ਸਿੰਘ ਜੌਲਾ, ਬਨੂੜ ਖੇਤਰ ਦੀਆਂ ਪੰਚਾਇਤਾਂ, ਧਾਰਮਿਕ, ਰਾਜਸੀ, ਕਿਸਾਨ ਤੇ ਸਮਾਜਿਕ ਜਥੇਬੰਦੀਆਂ ਨੇ ਇਸ ਕੌਮੀ ਮਾਰਗ ਨਾਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਹਟਾਏ ਜਾਣ ਦਾ ਵਿਰੋਧ ਕੀਤਾ ਹੈ।
ਨਿਤਿਨ ਗਡਕਰੀ ਕੋਲ ਉਠਾਵਾਂਗਾ ਮਾਮਲਾ: ਬਲਬੀਰ ਸਿੱਧੂ
ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਸ ਮਾਰਗ ਦੇ ਨਾਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸ਼ਾਮਲ ਕਰਾਉਣ ਲਈ ਉਹ ਇਹ ਮਾਮਲਾ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਕੋਲ ਉਠਾਉਣਗੇ। ਉਨ੍ਹਾਂ ਦੱਸਿਆ ਕਿ ਉਹ ਚਾਲੂ ਹਫ਼ਤੇ ਦੌਰਾਨ ਹੀ ਕੇਂਦਰੀ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਗੇ। ਉਨ੍ਹਾਂ ਕਿਹਾ ਕਿ ਉਹ ਲਾਂਡਰਾਂ ਤੋਂ ਫ਼ਤਹਿਗੜ੍ਹ ਸਾਹਿਬ ਦੀ ਸੜਕ ਨੂੰ ਚਹੁ-ਮਾਰਗੀ ਬਣਾਉਣ ਲਈ ਵੀ ਸ੍ਰੀ ਗਡਕਰੀ ਨੂੰ ਮੰਗ ਪੱਤਰ ਦੇਣਗੇ।