ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 11 ਅਕਤੂਬਰ
ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਸ਼ਤਾਬਦੀ ਸਬੰਧੀ ਕਾਂਗਰਸ ਦੇ ਵਿਧਾਇਕ ਕੇਕੇ ਬਾਵਾ, ਬਾਬਾ ਭੁਪਿੰਦਰ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੁਰਾਤਨ ਸ਼ਸਤਰਾਂ ਨੂੰ ਲੈ ਕੇ ਲੁਧਿਆਣਾ ਤੋਂ ਚੱਪੜਚਿੜੀ ਦੇ ਸਥਾਨ ਤੱਕ ਇੱਕ ਵਿਸ਼ਾਲ ਯਾਤਰਾ ਸਜਾਈ ਗਈ, ਜਿਸ ਦਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ ’ਚ ਪੁੱਜਣ ’ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ, ਹਲਕਾ ਵਿਧਾਇਕ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ, ਮਾਰਕੀਟ ਕਮੇਟੀ ਅਮਲੋਹ ਦੇ ਉੱਪ ਚੇਅਰਮੈਨ ਰਾਜਿੰਦਰ ਬਿੱਟੂ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਰਾਣੀ ਆਦਿ ਆਗੂਆਂ ਨੇ ਨਿੱਘਾ ਸਵਾਗਤ ਕਰਕੇ ਯਾਤਰਾ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭੱਲਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ 350 ਸਾਲਾ ਜਨਮ ਸ਼ਤਾਬਦੀ ਮਨਾਉਣ ਅਤੇ ਸ਼ਸ਼ਤਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ਸ਼ਤਰਾਂ ਦੇ ਦਰਸ਼ਨ ਕਰਵਾਉਣ ਵਾਲੀ ਇਹ ਵਿਸ਼ਾਲ ਯਾਤਰਾ ਲੁਧਿਆਣਾ ਤੋਂ ਸ਼ੁਰੂ ਹੋਈ ਹੈ ਅਤੇ ਚੱਪੜਚਿੜੀ ਦੇ ਸਥਾਨ ’ਤੇ ਜਾ ਕੇ ਸਮਾਪਤ ਹੋਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਦਿਵਸ ’ਤੇ ਦੀਪ ਮਾਲਾ ਕਰਨ ਅਤੇ ਆਪਣੇ ਘਰਾਂ ’ਚ ਘਿਉ ਦੇ ਦੀਵੇ ਜਗਾਉਣ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ’ਤੇ 16 ਅਕਤੂਬਰ ਨੂੰ ਸਰਕਾਰੀ ਛੁੱਟੀ ਕਰਨ ਦਾ ਐਲਾਨ ਸ਼ਲਾਘਾਯੋਗ ਹੈ।