ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਦਸੰਬਰ
ਨਜ਼ਦੀਕੀ ਪਿੰਡ ਕੰਬਾਲਾ ਵਿੱਚ ਬੁੱਧਵਾਰ ਦੇਰ ਰਾਤ ਚਚੇਰੇ ਭਰਾ ਗੁਰਵਿੰਦਰ ਸਿੰਘ (32) ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕੁਹਾੜੀ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮ ਲਖਵਿੰਦਰ ਸਿੰਘ ਲੱਖੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਮੁਲਜ਼ਮ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਦੇ ਬੇਟੇ ਦਾ ਵਿਆਹ ਸੀ ਅਤੇ ਬੁੱਧਵਾਰ ਨੂੰ ਮੇਲ ਵਾਲੇ ਦਿਨ ਉਨ੍ਹਾਂ ਦੇ ਘਰ ਪਾਰਟੀ ਸੀ। ਇਸ ਦੌਰਾਨ ਗੁਰਵਿੰਦਰ ਤੇ ਲਖਵਿੰਦਰ ਵਿੱਚ ਬਹਿਸ ਹੋ ਗਈ ਅਤੇ ਵਾਪਸੀ ਵੇਲੇ ਗੁਰਵਿੰਦਰ, ਲੱਖੀ ਦੇ ਘਰ ਕੋਲੋਂ ਲੰਘ ਰਿਹਾ ਸੀ ਤਾਂ ਗੁਰਵਿੰਦਰ ਦੀ ਗਰਦਨ ’ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕੈਬ ਚਾਲਕ ਦੀ ਹੱਤਿਆ ਬਾਰੇ ਨਹੀਂ ਮਿਲਿਆ ਸੁਰਾਗ਼
ਕੈਬ ਚਾਲਕ ਜਸਪ੍ਰੀਤ ਸਿੰਘ (31) ਵਾਸੀ ਇੰਦਰਾ ਕਲੋਨੀ, ਮਨੀਮਾਜਰਾ ਦੇ ਕਤਲ ਮਾਮਲੇ ਵਿੱਚ ਸੋਹਾਣਾ ਪੁਲੀਸ ਨੂੰ ਅੱਜ ਤੀਜੇ ਦਿਨ ਵੀ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਬੁੱਧਵਾਰ ਨੂੰ ਦੇਰ ਸ਼ਾਮ ਪੁਲੀਸ ਨੇ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਚੰਡੀਗੜ੍ਹ ਵਿੱਚ ਹਥਿਆਰ ਦੀ ਨੋਕ ’ਤੇ ਸਰਾਫ਼ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।