ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸਰੋਤ ਪੱਧਰ ’ਤੇ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਜੈਵਿਕ ਖਾਦ ਬਣਾਉਣ ਵਿੱਚ ਸ਼ਹਿਰ ਵਾਸੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਅੱਜ ਇੱਥੋਂ ਦੇ ਵੱਖ-ਵੱਖ ਸੈਕਟਰਾਂ ਵਿੱਚ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ। ਨਿਗਮ ਵੱਲੋਂ ‘ਆਪਕੇ ਸਾਥ’ ਸਲੋਗਨ ਤਹਿਤ 5 ਤੋਂ 11 ਜੂਨ ਤੱਕ ਮਨਾਏ ਜਾ ਰਹੇ ‘ਵਾਤਾਵਰਨ ਹਫ਼ਤੇ’ ਦੌਰਾਨ ਅੱਜ ਸ਼ਹਿਰ ਦੀਆਂ ਵੱਖ-ਵੱਖ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ (ਆਰਡਬਲਿਊਏਜ਼) ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਜਾਗਰੂ ਕੀਤਾ। ਇਸ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਘਰੇਲੂ ਖਾਦ ਬਣਾਉਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇੱਥੇ ਸੈਕਟਰ 8 ਸਥਿਤ ਕਮਿਊਨਿਟੀ ਸੈਂਟਰ ਵਿੱਚ ਆਰਡਬਲਿਊਏਜ਼ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਜਿਹੜੇ ਵਸਨੀਕ ਆਪਣੇ ਘਰਾਂ ਵਿੱਚ ਗਿੱਲੇ ਜਾਂ ਰਸੋਈ ਦੇ ਕੂੜੇ ਤੋਂ ਖਾਦ ਬਣਾ ਰਹੇ ਹਨ, ਉਨ੍ਹਾਂ ਨੂੰ ਇਸ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ ਹੈ।
ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸੈਕਟਰ ਕਮਿਊਨਿਟੀ ਸੈਂਟਰ ਵਿੱਚ ਆਰਡਬਲਿਊਏਜ਼ ਦੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਰੇਲੂ ਰਹਿੰਦ ਖੂਹੰਦ ਨੂੰ ਵੱਖ ਕਰਨ ਤੋਂ ਲੈ ਕੇ ਰੀਸਾਈਕਲਿੰਗ ਤੋਂ ਖਾਦ ਬਣਾਉਣ ਤੱਕ ਸ਼ਹਿਰ ਵਾਸੀਆਂ ਨੂੰ ਜ਼ਿੰਮੇਵਾਰੀ ਨਾਲ ਕੂੜਾ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰਡਬਲਿਊਏਜ਼ ਨੂੰ ਸ਼ਹਿਰ ਵਾਸੀਆਂ, ਘਰੇਲੂ ਨੌਕਰਾਂ ਅਤੇ ਹਾਊਸਕੀਪਿੰਗ ਸਟਾਫ ਲਈ ਘਰੇਲੂ ਕੂੜੇ ਦੀਆਂ ਸ਼੍ਰੇਣੀਆਂ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਘਰ ਨੂੰ ਪਤਾ ਲੱਗ ਸਕੇ ਕਿ ਕਿਹੜੀਆਂ ਵਸਤਾਂ ਸੁੱਕੀਆਂ, ਗਿੱਲੀਆਂ, ਸੈਨੇਟਰੀ ਅਤੇ ਸਫਾਈ ਅਧੀਨ ਆਉਂਦੀਆਂ ਹਨ। ਉਨ੍ਹਾਂ ਸੈਕਟਰ 22-ਏ ਵਿੱਚ ਲਗਪਗ 100 ਘਰਾਂ ਵਾਲੀ ਆਰਡਬਲਿਊਏ ਦੇ ਅਹੁਦੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅੱਜ ਵੱਖ-ਵੱਖ ਥਾਵਾਂ ’ਤੇ ਕੀਤੇ ਗਏ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ, ਵੱਖ-ਵੱਖ ਆਰਡਬਲਿਊਏਜ਼ ਦੇ ਨੁਮਾਇੰਦਿਆਂ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਨ ਅਤੇ ਸਰੋਤ ਪੱਧਰ ’ਤੇ ਰਹਿੰਦ-ਖੂੰਹਦ ਨੂੰ ਵੱਖ ਕਰਨ ਦੀ ਸਹੁੰ ਵੀ ਚੁੱਕੀ।