ਮਿਹਰ ਸਿੰਘ
ਕੁਰਾਲੀ, 13 ਮਈ
ਸ਼ਹਿਰ ਦੇ ਕਈ ਵਾਰਡਾਂ ਦੀ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਕੌਂਸਲ ਵੱਲੋਂ ਵਾਰਡ ਨੰਬਰ 9 ਦੀ ਕੋਹੇਨੂਰ ਕਲੋਨੀ ਵਿੱਚ ਲਗਾਇਆ ਟਿਊਬਵੈੱਲ ਪਿਛਲੇ ਕਈ ਮਹੀਨਿਆਂ ਤੋਂ ਚਾਲੂ ਹੋਣ ਦੀ ਉਡੀਕ ਕਰ ਰਿਹਾ ਹੈ। ਕੌਂਸਲਰ ਬਹਾਦਰ ਸਿੰਘ ਓਕੇ,ਕੌਂਸਲਰ ਭਾਰਤ ਭੂਸ਼ਨ,ਕੌਂਸਲਰ ਭਾਵਨਾ ਸ਼ਰਮਾ ਦੇ ਪਤੀ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਖੁਸ਼ਵੀਰ ਸਿੰਘ ਹੈਪੀ, ਕੌਂਸਲਰ ਜੀਤਾ ਨੇ ਦੱਸਿਆ ਕਿ ਕੋਹੇਨੂਰ ਕਲੋਨੀ ਵਿੱਚ ਕਰੀਬ 35 ਲੱਖ ਦੀ ਲਾਗਤ ਨਾਲ ਡੂੰਘੇ ਪਾਣੀ ਦਾ ਟਿਊਬਵੈੱਲ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਦਾ ਕੰਮ ਕਈ ਮਹੀਨੇ ਪਹਿਲਾਂ ਮੁਕੰਮਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਤਿਆਰ ਹੋਣ ਦੇ ਬਾਵਜੂਦ ਕੌਂਸਲ ਟਿਊਬਵੈੱਲ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕੌਂਸਲਰ ਬਹਾਦਰ ਸਿੰਘ ਓਕੇ ਨੇ ਦੱਸਿਆ ਕਿ ਇਹ ਟਿਊਬਵੈੱਲ ਉਨ੍ਹਾਂ ਨੇ ਪਿਛਲੀ ਕੌਂਸਲ ਦੇ ਕਾਰਜਕਾਲ ਦੌਰਾਨ ਵਾਰਡ ਨੰਬਰ 9, 10 ਅਤੇ 12 ਤੋਂ ਇਲਾਵਾ ਚਨਾਲੋਂ ਦੇ ਹੋਰ ਇਲਾਕਿਆਂ ਦੀ ਪਾਣੀ ਦੀ ਕਿੱਲਤ ਦੂਰ ਕਰਨ ਲਈ ਸਰਕਾਰ ਕੋਲੋਂ ਪ੍ਰਵਾਨ ਕਰਵਾਇਆ ਸੀ। ਕੌਂਸਡ ਦੇ ਲੇਖਾਕਾਰ ਵਿਕਾਸ ਗੁਪਤਾ ਨੇ ਕਿਹਾ ਕਿ ਟਿਊਬਵੈੱਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਉਦਘਾਟਨ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਿਊਬਵੈੱਲ ਦਾ ਰਸਮੀਂ ਉਦਘਾਟਨ ਕਰਕੇ ਇਸਨੂੰ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਮਿਉਂਸਪਲ ਇੰਜਨੀਅਰ ਕੁਲਦੀਪ ਅੱਗਰਵਾਲ ਨੇ ਕਿਹਾ ਕਿ ਟਿਊਬਵੈੱਲ ਸੀਵਰੇਜ ਬੋਰਡ ਵਲੋਂ ਲਗਾਇਆ ਗਿਆ ਹੈ ਜਿਸ ਨੂੰ ਹਾਲੇ ਕੌਂਸਲ ਵਲੋਂ ਟੇਕਓਵਰ ਨਹੀਂ ਕੀਤਾ ਗਿਆ।
ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਖਰੜ (ਸ਼ਸ਼ੀ ਪਾਲ ਜੈਨ): ਸਥਾਨਕ ਨਗਰ ਕੌਸਲ ਦੇ ਪਿਛਲੇ 4 ਦਿਨਾਂ ਤੋਂ ਵਾਰਡ ਨੰਬਰ 6 ਅਤੇ 7 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਵਾਰਡ- 6 ਦੇ ਕੌਂਸਲਰ ਰਜਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ 4 ਦਿਨਾਂ ਬੰਗਾਲਾ ਬਸਤੀ ਅਤੇ ਵਾਰਡ ਨੰ 7 ਵਿਚਲੇ ਭਾਠੜਾ ਕਲੋਨੀ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਨੈਸ਼ਨਲ ਹਾਈਵੇਅ ’ਤੇ ਵਾਟਰ ਸਪਲਾਈ ਵਿਭਾਗ ਵੱਲੋਂ ਕੋਈ ਪਾਈਪ ਲਾਈਨ ਪਾਈ ਜਾ ਰਹੀ ਹੈ।ਇਸ ਸਬੰਧੀ ਅੱਜ ਨੰਬਰਦਾਰ ਵੱਲੋਂ ਖਰੜ ਦੇ ਐੱਸਡੀਐਮ ਨੂੰ ਚਿੱਠੀ ਲਿਖੀ ਗਈ।