ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 16 ਜਨਵਰੀ
ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਇੱਥੇ ਸਰਕਾਰੀ ਸੈਕੰਡਰੀ ਸਕੂਲ (ਕੰਨਿਆ) ਵਿੱਚ ਕੋਆਰਡੀਨੇਟਰ ਸਨੇਹਇੰਦਰ ਸਿੰਘ ਮੀਲੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਨਾਲ ਹੋਈ। ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿਚ ਸਾਰਿਆਂ ਨੂੰ ਵਧਾਈ ਦਿੱਤੀ ਗਈ। ਸ਼ੋਕ ਮਤੇ ਰਾਹੀਂ ਗੁਰਮਤਿ ਸੰਗੀਤ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਕਰਤਾਰ ਸਿੰਘ, ਉੱਘੇ ਸਾਹਿਤਕਾਰ ਕ੍ਰਿਪਾਲ ਸਿੰਘ ਜੋਗੀ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਬੀਰ ਸਿੰਘ ਝੱਜ ਦੇ ਪਿਤਾ ਕੈਪਟਨ ਸੁਖਦੇਵ ਸਿੰਘ ਝੱਜ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਤੋਂ ਬਾਅਦ ਜਸਕੀਰਤ ਸਿੰਘ, ਸੁਖਵਿੰਦਰ ਸਿੰਘ ਭਾਦਲਾ, ਅਮਰ ਸਿੰਘ ਸੈਂਪਲਾ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਭੂਰੀ, ਉਪਕਾਰ ਸਿੰਘ ਦਿਆਲਪੁਰੀ, ਜਗਜੀਤ ਸਿੰਘ ਗੁਰਮਤ ਨੇ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੀ ਪ੍ਰਧਾਨਗੀ ਕਰ ਰਹੇ ਸਨੇਹ ਇੰਦਰ ਸਿੰਘ ਮੀਲੂ ਨੇ ਕਵਿਤਾ ‘ਉਡਾਣ’ ਸੁਣਾਈ। ਸਾਰੀਆਂ ਰਚਨਾਵਾਂ ਉਤੇ ਉਸਾਰੂ ਪੜਚੋਲ ਕੀਤੀ ਗਈ ਅਤੇ ਕੀਮਤੀ ਸੁਝਾਅ ਦਿੱਤੇ ਗਏ ਅਤੇ ਮੁੜ ਮਿਲਣ ਦੇ ਵਾਅਦੇ ਨਾਲ ਲੇਖਕਾਂ, ਸਾਹਿਤ ਪ੍ਰੇਮੀਆਂ ਨੇ ਸ੍ਰੀ ਮੀਲੂ ਦਾ ਧੰਨਵਾਦ ਕੀਤਾ।