ਮੁਕੇਸ਼ ਕੁਮਾਰ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਜਨਵਰੀ
ਚੰਡੀਗੜ੍ਹ ਦੇ ਰਜਿਸਟਰੇਸ਼ਨ ਤੇ ਲਾਈਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਵਾਹਨ ਰਜਿਸਟ੍ਰੇਸ਼ਨ ਦੀਆਂ ਵੱਖ ਵੱਖ ਲੜੀਆਂ ਦੇ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਮੁੜ ਤੋਂ ਨਿਲਾਮੀ ਕੀਤੀ ਜਾ ਰਹੀ ਹੈ।
ਆਰਐੱਲਏ ਵੱਲੋਂ ਇਨ੍ਹਾਂ ਫੈਂਸੀ ਤੇ ਮਨਪਸੰਦ ਨੰਬਰਾਂ ਲਈ ਕੀਤੀ ਜਾ ਰਹੀ ਈ-ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਵਾਹਨ ਮਾਲਕਾਂ ਲਈ 6 ਜਨਵਰੀ ਤੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਜੋ 12 ਜਨਵਰੀ ਸ਼ਾਮ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਰਜਿਸਟਰਡ ਵਾਹਨ ਮਾਲਕ ਲਈ 13 ਤੋਂ 15 ਜਨਵਰੀ ਸ਼ਾਮ ਤੱਕ ਫੈਂਸੀ ਤੇ ਮਨਪਸੰਦ ਨੰਬਰਾਂ ਲਈ ਈ-ਨਿਲਾਮੀ ਜਾਰੀ ਰਹੇਗੀ।
ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ ਲਾਜ਼ਮੀ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਕਰਵਾਉਣ ਅਤੇ ਨਿਲਾਮੀ ਵਿੱਚ ਹਿੱਸਾ ਲੈਣ ਲਈ ਵਾਹਨ ਮਾਲਕ ਦਾ ਚੰਡੀਗੜ੍ਹ ਦਾ ਪੱਕਾ ਵਸਨੀਕ ਹੋਣਾ ਜ਼ਰੂਰੀ ਹੈ। ਵਾਹਨ ਮਾਲਕ ਰਾਸ਼ਟਰੀ ਟਰਾਂਸਪੋਰਟ ਵੈੱਬਸਾਈਟ https://vahan.parivahan.gov.in/fancy ‘ਤੇ ਆਪਣੇ ਮਨਪਸੰਦ ਜਾ ਫੈਂਸੀ ਨੰਬਰ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰ ਕਰਾਉਣ ਤੋਂ ਬਾਅਦ ਮਿਥੀ ਗਈ ਮਿਆਦ ਅੰਦਰ ਵਾਹਨ ਮਾਲਕ ਨੰਬਰਾਂ ਦੀ ਈ-ਨਿਲਾਮੀ ਵਿੱਚ ਹਿੱਸਾ ਲੈ ਸਕਣਗੇ। ਫੈਂਸੀ ਤੇ ਮਨਪਸੰਦ ਨੰਬਰਾਂ ਦੀ ਰਾਖਵੀਂ ਕੀਮਤ ਵੀ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਆਰਐੱਲਏ ਦੀ ਗਾਹਕ ਸੇਵਾ ਟੈਲੀਫੋਨ ਨੰਬਰ 0172-2700076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।