ਪੱਤਰ ਪ੍ਰੇਰਕ
ਚੰਡੀਗੜ੍ਹ, 16 ਜਨਵਰੀ
ਪੀਜੀਆਈ ਦੇ ਐਡਵਾਂਸਡ ਟਰੌਮਾ ਸੈਂਟਰ ਵਿੱਚ ਅੱਜ ਆਕਸੀਜਨ ਦੇ ਸਿਲੰਡਰ ਤੋਂ ਹਸਪਤਾਲ ਦੇ ਇੱਕ ਅਟੈਂਡੈਂਟ ਨੂੰ ਅਚਾਨਕ ਅੱਗ ਲੱਗ ਗਈ। ਸਹੀ ਸਮੇਂ ਉੱਤੇ ਪਤਾ ਲੱਗਣ ਕਾਰਨ ਉਸ ਦਾ ਬਚਾਅ ਹੋ ਗਿਆ ਪ੍ਰੰਤੂ ਅਟੈਂਡੈਂਟ ਦੇ ਦੋਵੇਂ ਹੱਥ ਝੁਲਸ ਗਏ ਅਤੇ ਉਸ ਦੇ ਪਹਿਨਿਆ ਹੋਇਆ ਸਵੈਟਰ ਤੱਕ ਸੜ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਐਡਵਾਂਸਡ ਟਰੌਮਾ ਸੈਂਟਰ ਵਿੱਚ ਡਿਊਟੀ ਉੱਤੇ ਤਾਇਨਾਤ ਮਨੋਜ ਕੁਮਾਰ ਨਾਂ ਦਾ ਹੌਸਪਿਟਲ ਅਟੈਂਡੈਂਟ ਕਿਸੇ ਮਰੀਜ਼ ਨੂੰ ਲਿਜਾਣ ਲਈ ਆਕਸੀਜਨ ਦਾ ਸਿਲੰਡਰ ਲਗਾਉਣ ਲੱਗਿਆ ਸੀ। ਜਿਉਂ ਹੀ ਉਸ ਨੇ ਮਰੀਜ਼ ਨੂੰ ਲਗਾਉਣ ਲਈ ਸਿਲੰਡਰ ਦੀ ਪਾਈਪ ਖੋਲ੍ਹੀ ਤਾਂ ਇੱਕਦਮ ਉਸ ਦੇ ਹੱਥਾਂ ਨੂੰ ਅੱਗ ਪੈ ਗਈ ਅਤੇ ਅੱਗ ਦੀਆਂ ਚੰਗਿਆੜੀਆਂ ਉਸ ਦੇ ਪਹਿਨੇ ਹੋਏ ਸਵੈਟਰ ਉੱਤੇ ਵੀ ਪਈਆਂ ਅਤੇ ਉਹ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਮਨੋਜ ਦੇ ਦੋਵੇਂ ਹੱਥ ਝੁਲਸ ਗਏ ਹਨ ਜਿਸ ਦੌਰਾਨ ਉਸ ਨੂੰ ਟਰੌਮਾ ਸੈਂਟਰ ਵਿੱਚ ਹੀ ਇਲਾਜ ਲਈ ਦਾਖਿਲ ਕਰ ਲਿਆ ਗਿਆ। ਪੀ.ਜੀ.ਆਈ. ਪ੍ਰਬੰਧਨ ਵੱਲੋਂ ਭੇਜੀ ਗਈ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਅਟੈਂਡੈਂਟ ਮਾਮੂਲੀ ਝੁਲਸਿਆ ਹੈ ਜਿਸ ਦੀ ਹਾਲਤ ਸਥਿਰ ਹੈ।